ਕਰਾਚੀ : ਜੇਲ੍ਹਬੰਦ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪੁੱਤਰਾਂ ਨੂੰ ਡਰ ਹੈ ਕਿ ਅਧਿਕਾਰੀ ਉਨ੍ਹਾ ਦੀ ਸਥਿਤੀ ਬਾਰੇ ਕੁਝ ਲੁਕਾ ਰਹੇ ਹਨ, ਕਿਉਂਕਿ ਤਿੰਨ ਹਫਤਿਆਂ ਤੋਂ ਵੱਧ ਸਮੇਂ ਤੋਂ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਉਹ ਅਜੇ ਵੀ ਜ਼ਿੰਦਾ ਹਨ।
ਉਨ੍ਹਾਂ ਦੇ ਇੱਕ ਪੁੱਤਰ ਨੇ ਇਹ ਜਾਣਕਾਰੀ ਦਿੱਤੀ ਕਿ ਅਦਾਲਤ ਦੇ ਆਦੇਸ਼ਾਂ ਦੇ ਬਾਵਜੂਦ ਜੇਲ੍ਹ ਮੁਲਾਕਾਤਾਂ ’ਤੇ ਲੱਗੀ ਰੋਕ ਕਾਇਮ ਹੈ ਅਤੇ ਸੰਭਾਵਤ ਜੇਲ੍ਹ ਤਬਾਦਲੇ ਬਾਰੇ ਅਫਵਾਹਾਂ ਫੈਲ ਰਹੀਆਂ ਹਨ। ਉਨ੍ਹਾਂ ਦੇ ਬੇਟੇ ਕਾਸਿਮ ਖਾਨ ਨੇ ਦੱਸਿਆ ਕਿ ਹਫਤਾਵਾਰੀ ਮੁਲਾਕਾਤਾਂ ਦੇ ਅਦਾਲਤੀ ਹੁਕਮ ਦੇ ਬਾਵਜੂਦ ਪਰਵਾਰ ਦਾ ਖਾਨ ਨਾਲ ਕੋਈ ਸਿੱਧਾ ਜਾਂ ਤਸਦੀਕਯੋਗ ਸੰਪਰਕ ਨਹੀਂ ਹੋਇਆ।
ਪੁੱਤਰ ਨੇ ਅੱਗੇ ਕਿਹਾ, ‘ਅੱਜ ਸਾਡੇ ਕੋਲ ਉਨ੍ਹਾ ਦੀ ਹਾਲਤ ਬਾਰੇ ਕੋਈ ਤਸਦੀਕਯੋਗ ਜਾਣਕਾਰੀ ਨਹੀਂ। ਸਾਡਾ ਸਭ ਤੋਂ ਵੱਡਾ ਡਰ ਇਹ ਹੈ ਕਿ ਕੋਈ ਅਟੱਲ ਚੀਜ਼ ਸਾਡੇ ਤੋਂ ਲੁਕਾਈ ਜਾ ਰਹੀ ਹੈ। ਪਰਵਾਰ ਨੇ ਵਾਰ-ਵਾਰ ਖਾਨ ਦੇ ਨਿੱਜੀ ਡਾਕਟਰ ਲਈ ਪਹੁੰਚ ਦੀ ਮੰਗ ਕੀਤੀ ਹੈ, ਜਿਨ੍ਹਾ ਨੂੰ ਇੱਕ ਸਾਲ ਤੋਂ ਵੱਧ ਸਮੇਂ ਤੋਂ ਉਨ੍ਹਾ ਦੀ ਜਾਂਚ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।’
ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਟਿੱਪਣੀ ਲਈ ਕੀਤੀ ਗਈ ਬੇਨਤੀ ਦਾ ਜਵਾਬ ਨਹੀਂ ਦਿੱਤਾ। ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ’ਤੇ ਬੋਲਦੇ ਹੋਏ ਇੱਕ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਖਾਨ ਦੀ ਸਿਹਤ ਠੀਕ ਹੈ ਅਤੇ ਅੱਗੇ ਕਿਹਾ ਕਿ ਉਨ੍ਹਾ ਨੂੰ ਕਿਸੇ ਉੱਚ-ਸੁਰੱਖਿਆ ਵਾਲੀ ਸਹੂਲਤ ਵਿੱਚ ਤਬਦੀਲ ਕਰਨ ਦੀ ਕਿਸੇ ਯੋਜਨਾ ਬਾਰੇ ਕੋਈ ਜਾਣਕਾਰੀ ਨਹੀਂ। 72 ਸਾਲਾ ਖਾਨ ਅਗਸਤ 2023 ਤੋਂ ਜੇਲ੍ਹ ਵਿੱਚ ਹਨ। ਉਨ੍ਹਾ ਨੂੰ ਕਈ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦਾ ਕਹਿਣਾ ਹੈ ਕਿ ਇਹ ਮੁਕੱਦਮੇ ਉਨ੍ਹਾ ਨੂੰ ਜਨਤਕ ਜੀਵਨ ਅਤੇ ਚੋਣਾਂ ਤੋਂ ਬਾਹਰ ਰੱਖਣ ਲਈ ਹਨ।





