ਟਰਾਂਸਪੋਰਟ ਕਾਮਿਆਂ ਦੀ ਹੜਤਾਲ ਖਤਮ

0
64

ਪਟਿਆਲਾ : ਆਪਣੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਪੀ ਆਰ ਟੀ ਸੀ, ਪੰਜਾਬ ਰੋਡਵੇਜ਼, ਪਨਬਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ 28 ਨਵੰਬਰ ਤੋਂ ਸ਼ੁਰੂ ਕੀਤੀ ਗਈ ਰਾਜ ਵਿਆਪੀ ਹੜਤਾਲ ਮੰਗਲਵਾਰ ਨੂੰ ਪੰਜਵੇਂ ਦਿਨ ਸਮਾਪਤ ਕਰ ਦਿੱਤੀ ਗਈ। ਇਸ ਸੰਬੰਧੀ ਭਾਵੇਂ ਸਮਝੌਤਾ ਤਾਂ 30 ਨਵੰਬਰ ਦੀ ਸ਼ਾਮ ਨੂੰ ਹੀ ਹੋ ਗਿਆ ਸੀ, ਪ੍ਰੰਤੂ ਸਰਕਾਰ ਅਤੇ ਯੂਨੀਅਨ ਦੇ ਦਰਮਿਆਨ ਇੱਕ ਕਸੂਤਾ ਪੇਚ ਫਸ ਗਿਆ ਸੀ।
ਸਰਕਾਰ ਦਾ ਕਹਿਣਾ ਸੀ ਕਿ ਪਹਿਲਾਂ ਵਰਕਰ ਡਿਊਟੀਆਂ ’ਤੇ ਆਉਣ, ਫੇਰ ਬਹਾਲ ਕਰਾਂਗੇ ਤੇ ਯੂਨੀਅਨ ਦਾ ਕਹਿਣਾ ਸੀ ਕਿ ਪਹਿਲਾਂ ਬਹਾਲੀ ਅਤੇ ਰਿਹਾਈ ਹੋਵੇ ਉਸ ਤੋਂ ਬਾਅਦ ਉਹ ਡਿਊਟੀ ਜੁਆਇਨ ਕਰਨਗੇ, ਇਸ ਤਰ੍ਹਾਂ ਅੱਜ ਦੋਵਾਂ ਧਿਰਾਂ ਨੇ ਕੋਈ ਵਿਚਕਾਰਲਾ ਰਾਹ ਕੱਢਦਿਆਂ, ਦੁਪਹਿਰ 1 ਵਜੇ ਹੜਤਾਲ ਖ਼ਤਮ ਕਰ ਦਿੱਤੀ। ਯੂਨੀਅਨ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਹੜਤਾਲ ਵਾਪਸੀ ਦਾ ਰਸਮੀ ਐਲਾਨ ਕੀਤਾ ਹੈ।
ਦੂਜੇ ਪਾਸੇ ਪੀ ਆਰ ਟੀ ਸੀ ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਨੇ ਵੀ ਹੜਤਾਲ ਵਾਪਸ ਹੋਣ ਦੀ ਪੁਸ਼ਟੀ ਕੀਤੀ ਹੈ। ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਅੱਤਲ ਵਰਕਰਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ। ਪ੍ਰੰਤੂ ਜੇਲ੍ਹਾਂ ਵਿੱਚ ਬੰਦ ਵਰਕਰਾਂ ਦੀ ਰਿਹਾਈ ’ਤੇ ਅਜੇ ਸਮਾਂ ਲੱਗ ਸਕਦਾ ਹੈ। ਉਂਝ ਹੜਤਾਲ ਵਾਪਸੀ ਤੋਂ ਬਾਅਦ ਵਰਕਰਾਂ ਨੇ ਡਿਊਟੀਆਂ ਸੰਭਾਲ ਲਈਆਂ ਤੇ 100 ਫੀਸਦੀ ਬੱਸਾਂ ਮੁੜ ਤੋਂ ਸੜਕਾਂ ’ਤੇ ਚੱਲ ਪਈਆਂ, ਜਿਸ ਉਪਰੰਤ ਲੋਕਾਂ ਨੇ ਸੁੱਖ ਦਾ ਸਾਹ ਲਿਆ, ਕਿਉਂਕਿ ਹੜਤਾਲ ਕਾਰਨ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।