ਫਤਿਹਗੜ੍ਹ ਸਾਹਿਬ : ਸਰਹਿੰਦ ਵਿਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਧੀ ਦੀ ਡੋਲੀ ਤੋਰ ਕੇ ਆ ਰਹੇ ਪਰਵਾਰ ਦੀ ਕਾਰ ਟਰਾਲੇ ਨਾਲ ਟਕਰਾਅ ਗਈ, ਜਿਸ ਵਿਚ ਨਵ-ਵਿਆਹੁਤਾ ਦੇ ਮਾਪਿਆਂ ਦੀ ਮੌਤ ਹੋ ਗਈ, ਜਦੋਂ ਕਿ ਦੋ ਜਣੇ ਗੰਭੀਰ ਜ਼ਖਮੀ ਹੋ ਗਏ। ਕੌਂਸਲਰ ਗੁਲਸ਼ਨ ਰਾਏ ਬੌਬੀ ਨੇ ਦੱਸਿਆ ਕਿ ਨੰਦਾ ਮੋਟਰਸ ਦੇ ਮਾਲਕ ਹਰੀ ਓਮ ਨੰਦਾ ਦੀ ਬੇਟੀ ਗਜ਼ਲ ਦਾ ਵਿਆਹ ਲੁਧਿਆਣਾ ਵਿਚ ਕਰਨ ਉਪਰੰਤ ਖੁਸ਼ੀ-ਖੁਸ਼ੀ ਡੋਲ਼ੀ ਰਵਾਨਾ ਕਰਕੇ ਸਰਹੰਦ ਘਰ ਵਾਪਸ ਪਰਤ ਰਹੇ ਸਨ ਤਾਂ ਢੰਡਾਰੀ ਨੇੜੇ ਇਕ ਟਰਾਲੇ ਵਿਚ ਕਾਰ ਟਕਰਾਉਣ ਨਾਲ ਪਰਵਾਰ ਦੇ ਤਿੰਨ ਮੈਂਬਰ ਹਰੀ ਓਮ ਨੰਦਾ (50), ਉਨ੍ਹਾਂ ਦੀ ਪਤਨੀ ਸੀਮਾ ਨੰਦਾ (45) ਅਤੇ ਸੀਮਾ ਦੀ ਚਾਚੀ ਰੇਨੂ ਅਰੋੜਾ (60) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਹਾਦਸੇ ਵਿਚ ਮੋਹਨ ਨੰਦਾ ਅਤੇ ਉਸ ਦੀ ਪਤਨੀ ਸ਼ਰਮੀਲੀ ਨੰਦਾ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾ ਨੂੰ ਇਲਾਜ ਲਈ ਲੁਧਿਆਣਾ ਦੇ ਡੀ ਐੱਮ ਸੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੁੱਖ ਸਾਂਝਾ ਕਰਨ ਲਈ ਸ਼ਹਿਰ ਦੇ ਵਪਾਰੀਆਂ ਵੱਲੋਂ ਆਪਣੀਆਂ ਦੁਕਾਨਾਂ ਖੁਦ-ਬ-ਖੁਦ ਬੰਦ ਰੱਖੀਆਂ ਗਈਆਂ।




