ਜਾਲ੍ਹੀ ਬੈਂਕ ਗਾਰੰਟੀ ਮਾਮਲੇ ’ਚ ਈ ਡੀ ਵੱਲੋਂ ਰਿਲਾਇੰਸ ਪਾਵਰ ਖ਼ਿਲਾਫ਼ ਚਾਰਜਸ਼ੀਟ

0
62

ਨਵੀਂ ਦਿੱਲੀ : ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਕਿਹਾ ਕਿ ਉਸ ਨੇ ਇੱਕ ਟੈਂਡਰ ਸੁਰੱਖਿਅਤ ਕਰਨ ਲਈ 68 ਕਰੋੜ ਰੁਪਏ ਦੀ ਕਥਿਤ ਜਾਲ੍ਹੀ ਬੈਂਕ ਗਾਰੰਟੀ ਜਾਰੀ ਕਰਨ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਰੋਬਾਰੀ ਅਨਿਲ ਅੰਬਾਨੀ ਦੇ ਸਮੂਹ ਦੀ ਕੰਪਨੀ ਰਿਲਾਇੰਸ ਪਾਵਰ ਲਿਮਟਿਡ ਅਤੇ 10 ਹੋਰਨਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ।
ਪ੍ਰੋਸੀਕਿਊਸ਼ਨ ਸ਼ਿਕਾਇਤ ਵਿੱਚ ਨਾਮਜ਼ਦ ਕੀਤੇ ਗਏ ਹੋਰ ਦੋਸ਼ੀਆਂ ਵਿੱਚ ਰਿਲਾਇੰਸ ਪਾਵਰ ਦੇ ਸਾਬਕਾ ਸੀ ਐੱਫ ਓ ਅਸ਼ੋਕ ਕੁਮਾਰ ਪਾਲ, ਰਿਲਾਇੰਸ ਐੱਨ ਯੂ ਬੀ ਈ ਐੱਸ ਐੱਸ ਲਿਮਟਿਡ ਅਤੇ ਰੋਜ਼ਾ ਪਾਵਰ ਸਪਲਾਈ ਕੰਪਨੀ ਲਿਮਟਿਡ (ਰਿਲਾਇੰਸ ਪਾਵਰ ਦੀਆਂ ਸਹਾਇਕ ਕੰਪਨੀਆਂ) ਓਡੀਸ਼ਾ-ਅਧਾਰਤ ਸ਼ੈੱਲ ਕੰਪਨੀ ਬਿਸਵਾਲ ਟਰੇਡਲਿੰਕ ਪ੍ਰਾਈਵੇਟ ਲਿਮਟਿਡ, ਇਸ ਦੇ ਐੱਮ ਡੀ. ਪਾਥਾ ਸਾਰਥੀ ਬਿਸਵਾਲ, ਬਾਇਓਥੇਨ ਕੈਮੀਕਲਜ਼ ਪ੍ਰਾਈਵੇਟ ਲਿਮਟਿਡ ਅਤੇ ਵਪਾਰ ਵਿੱਤ ਸਲਾਹਕਾਰ ਅਮਰ ਨਾਥ ਦੱਤਾ ਸ਼ਾਮਲ ਹਨ। ਏਜੰਸੀ ਅਨੁਸਾਰ ਕੁਝ ਹੋਰ ਦੋਸ਼ੀਆਂ ਵਿੱਚ ਰਵਿੰਦਰ ਪਾਲ ਸਿੰਘ ਚੱਢਾ, ਮਨੋਜ ਭਾਈਸਾਹੇਬ ਪੌਂਗਡੇ ਅਤੇ ਪੁਨੀਤ ਨਰਿੰਦਰ ਗਰਗ ਸ਼ਾਮਲ ਹਨ। ਅਧਿਕਾਰੀਆਂ ਅਨੁਸਾਰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (ਪੀ ਐੱਮ ਐੱਲ ਏ) ਦੀਆਂ ਵਿਵਸਥਾਵਾਂ ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਇਹ ਮਾਮਲਾ ਰਿਲਾਇੰਸ ਪਾਵਰ ਦੀ ਸੂਚੀਬੱਧ ਸਹਾਇਕ ਕੰਪਨੀ ਰਿਲਾਇੰਸ ਐਨ.ਯੂ. ਬੀ ਈ ਐੱਸ ਐੱਸ ਲਿਮਟਿਡ ਦੀ ਤਰਫੋਂ ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (ਐੱਸ.ਈ.ਸੀ.ਆਈ.) ਤੋਂ ਟੈਂਡਰ ਸੁਰੱਖਿਅਤ ਕਰਨ ਲਈ ਜਮ੍ਹਾਂ ਕਰਵਾਈ ਗਈ 68.2 ਕਰੋੜ ਰੁਪਏ ਦੀ ਬੈਂਕ ਗਾਰੰਟੀ ਨਾਲ ਸੰਬੰਧਤ ਹੈ। ਰਿਲਾਇੰਸ ਐੱਨ ਯੂ ਬੀ ਈ ਐੱਸ ਐੱਸ ਨੂੰ ਪਹਿਲਾਂ ‘ਮਹਾਰਾਸ਼ਟਰ ਐਨਰਜੀ ਜਨਰੇਸ਼ਨ ਲਿਮਟਿਡ’ ਵਜੋਂ ਜਾਣਿਆ ਜਾਂਦਾ ਸੀ।