ਚੋਹਲਾ ਸਾਹਿਬ : ਮਹਾਨ ਦੇਸ਼ ਭਗਤ ਸੰਤ ਬਾਬਾ ਵਿਸਾਖਾ ਸਿੰਘ ਦਦੇਹਰ ਸਾਹਿਬ ਦੇ ਜਨਮ ਦਿਹਾੜੇ ’ਤੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਤੇ ਦੀਵਾਨ ਤੋਂ ਬਾਅਦ ਸੀ ਪੀ ਆਈ ਵੱਲੋਂ ਨਾਟਕ ਮੇਲਾ ਤੇ ਸਿਆਸੀ ਕਾਨਫਰੰਸ ਕਿਸਾਨ ਆਗੂ ਲੇਖ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਸਰਬ ਭਾਰਤ ਨੌਜਵਾਨ ਸਭਾ ਦੀ ਸੂਬਾਈ ਪ੍ਰਧਾਨ ਕਰਮਬੀਰ ਕੌਰ ਬਧਨੀ ਤੇ ਸੀ ਪੀ ਆਈ ਦੀ ਸੂਬਾ ਸਕੱਤਰੇਤ ਮੈਂਬਰ ਦੇਵੀ ਕੁਮਾਰੀ ਨੇ ਕਿਹਾ ਕਿ ਪਾਰਟੀ ਵਾਸਤੇ ਬੜੇ ਮਾਣ ਵਾਲੀ ਗੱਲ ਹੈ ਕਿ ਹਰ ਸਾਲ ਬਲਵਿੰਦਰ ਸਿੰਘ ਦਦੇਹਰ ਦੀ ਅਗਵਾਈ ਹੇਠ ਸ਼ਾਨਦਾਰ ਸਮਾਗਮ ਕੀਤਾ ਜਾਂਦਾ ਹੈ। ਇਸ ਪਵਿੱਤਰ ਦਿਹਾੜੇ ’ਤੇ ਸੰਤ ਵਿਸਾਖਾ ਸਿੰਘ ਦੇ ਕਾਰਜ ਨੂੰ ਯਾਦ ਕਰਨ ਦੇ ਨਾਲ-ਨਾਲ ਗ਼ਦਰੀ ਬਿਸ਼ਨ ਸਿੰਘ ਪਹਿਲਵਾਨ, ਭਾਈ ਵਿਸਾਖਾ ਸਿੰਘ, ਗ਼ਦਰੀ ਬਿਸ਼ਨ ਸਿੰਘ ਦੂਜਾ ਅਤੇ ਗ਼ਦਰੀ ਹਜ਼ਾਰਾ ਸਿੰਘ ਵੱਲੋਂ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਪਾਏ ਵੱਡਮੁੱਲੇ ਯੋਗਦਾਨ ਨੂੰ ਵੀ ਯਾਦ ਕੀਤਾ ਜਾਂਦਾ ਹੈ। ਮਾੜੀਮੇਘਾ ਨੇ ਕਿਹਾ ਗ਼ਦਰੀ ਦੇਸ਼ ਭਗਤਾਂ ਦੇ ਵਿਚਾਰਾਂ ਦੇ ਹਾਣ ਦਾ ਹਿੰਦੁਸਤਾਨ ਸਮੇਂ ਦੀਆਂ ਸਰਕਾਰਾਂ ਨੇ ਨਹੀਂ ਬਣਨ ਦਿੱਤਾ। ਗ਼ਦਰੀਆਂ ਦੇ ਵਿਚਾਰ ਸਨ ਕਿ ਆਜ਼ਾਦ ਭਾਰਤ ਵਿੱਚ ਬਰਾਬਰਤਾ ਹੋਵੇਗੀ। ਹਰ ਨੌਜਵਾਨ ਨੂੰ ਰੁਜ਼ਗਾਰ ਮਿਲੇਗਾ। ਕੋਈ ਵੀ ਬੱਚਾ ਵਿੱਦਿਆ ਤੋਂ ਵਾਂਝਾ ਨਹੀਂ ਰਹੇਗਾ, ਭਾਵ ਹਰੇਕ ਨੂੰ ਵਿਦਿਆ ਲਾਜ਼ਮੀ ਮਿਲੇਗੀ। ਹਰੇਕ ਮਨੁੱਖ ਕੋਲ ਰਹਿਣ ਲਈ ਘਰ ਹੋਵੇਗਾ। ਹਰ ਵਿਅਕਤੀ ਨੂੰ ਮੁਫ਼ਤ ਸਿਹਤ ਦਾ ਇਲਾਜ ਮਿਲੇਗਾ, ਪਰ ਹਕੂਮਤਾਂ ਨੇ ਸਭ ਕੁਝ ਗ਼ਦਰੀਆਂ ਦੇ ਵਿਚਾਰਾਂ ਦੇ ਉਲਟ ਕੀਤਾ ਹੈ।ਹਿੰਦੁਸਤਾਨ ਵਿੱਚ ਭੁੱਖਮਰੀ, ਗਰੀਬੀ, ਅਨਪੜ੍ਹਤਾ ਤੇ ਬੇਰੁਜ਼ਗਾਰੀ ਦਾ ਪਾਸਾਰਾ ਹੈ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ ਅਤੇ ਮੀਤ ਸਕੱਤਰ ਬਲਕਾਰ ਸਿੰਘ ਵਲਟੋਹਾ ਨੇ ਕਿਹਾ ਕਿ ਆਪ ਪਾਰਟੀ ਨੇ ਲੋਕਾਂ ਨਾਲ ਬਹੁਤ ਵਾਅਦੇ ਕੀਤੇ ਸਨ ਕਿ ਸਾਨੂੰ ਵੋਟਾਂ ਪਾਓ ਤੇ ਸਰਕਾਰ ਬਣਨ ਉਪਰੰਤ ਪੰਜਾਬ ਸੂਬੇ ਨੂੰ ਖੁਸ਼ਹਾਲ ਬਣਾ ਦਿੱਤਾ ਜਾਵੇਗਾ, ਭਿ੍ਰਸ਼ਟਾਚਾਰ ਖ਼ਤਮ ਕਰ ਦਿੱਤਾ ਜਾਵੇਗਾ। ਦਫ਼ਤਰਾਂ ਵਿੱਚ ਹਰੇਕ ਮਨੁੱਖ ਨੂੰ ਨਿਆਂ ਮਿਲੇਗਾ, ਪਰ ਹੋਇਆ ਇਸ ਦੇ ਉਲਟ। ਕੁਰੱਪਸ਼ਨ ਖ਼ਤਮ ਹੋਣ ਦੀ ਥਾਂ ਦੂਣ-ਸਵਾਈ ਹੋਈ ਹੈ। ਥਾਣਿਆਂ ਵਿੱਚ ਪੈਸੇ ਵਾਲਿਆਂ ਅਤੇ ਸਰਕਾਰ ਪੱਖੀਆਂ ਦੀ ਤੂਤੀ ਬੋਲਦੀ ਹੈ। ਗਰੀਬ ਲੋਕਾਂ ਨੂੰ ਕੋਈ ਨਿਆਂ ਨਹੀਂ ਮਿਲਦਾ। ਜੇ ਗਰੀਬ ਪੈਸਾ ਚਾੜ੍ਹ ਦਿੰਦੇ ਹਨ, ਫਿਰ ਉਨ੍ਹਾਂ ਦੀ ਸੁਣੀ ਜਾਂਦੀ ਹੈ, ਨਹੀਂ ਤਾਂ ਉਨ੍ਹਾਂ ਨੂੰ ਧੱਕੇ ਮਾਰ ਕੇ ਥਾਣਿਆਂ ’ਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਆਗੂਆਂ ਕਿਹਾ ਕਿ ਇਸ ਵਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਪੰਜਾਬ ਸਰਕਾਰ ਨੇ ਡਿਕਟੇਟਰਸ਼ਿਪ ਦਾ ਢੰਗ ਵਰਤਿਆ ਹੈ। ਪਹਿਲਾਂ ਸਰਕਾਰ ਦੀ ਕੋਸ਼ਿਸ਼ ਸੀ ਕਿ ਵਿਰੋਧੀ ਪਾਰਟੀਆਂ ਨੂੰ ਕਾਗਜ਼ ਨਾ ਦਾਖਲ ਕਰਾਉਣ ਦਿੱਤੇ ਜਾਣ, ਜਦੋਂ ਲੋਕ ਸੜਕਾਂ ’ਤੇ ਆ ਗਏ, ਫਿਰ ਕਾਗਜ਼ ਦਾਖਲ ਹੋਣ ਦਿੱਤੇ ਤੇ ਕਾਗਜ਼ਾਂ ਦੀ ਪੜਤਾਲ ਵੇਲੇ ਆਪਣੀ ਮਨਮਰਜ਼ੀ ਨਾਲ ਵਿਰੋਧੀਆਂ ਦੇ ਕਾਗਜ਼ ਰੱਦ ਕਰ ਦਿੱਤੇ।
ਇਹ ਆਮ ਪਾਰਟੀ ਦੀ ਸਰਕਾਰ ਵੱਲੋਂ ਜਮਹੂਰੀਅਤ ਦਾ ਘਾਣ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ, ਜੋ ਕੁਝ ਚੰਡੀਗੜ੍ਹ ਦੀ ਧਰਤੀ ’ਤੇ ਉਸਰਿਆ ਹੈ, ਉਹ ਪੰਜਾਬ ਦਾ ਹੈ ਤੇ ਪੰਜਾਬ ਨੂੰ ਮਿਲਣਾ ਚਾਹੀਦਾ ਹੈ। ਭਾਖੜਾ ਬਿਆਸ ਮੈਨੇਜਮੈਂਟ ਵਿੱਚ ਪੰਜਾਬ ਦੇ ਮੁਲਾਜ਼ਮਾਂ ਦੇ ਅਧਿਕਾਰ ਬਹਾਲ ਕੀਤੇ ਜਾਣੇ ਚਾਹੀਦੇ ਹਨ।ਆਗੂਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਾਰਸ਼ਾਂ ਨਾਲ ਹੋਏ ਨੁਕਸਾਨ ਦਾ ਕਿਸਾਨਾਂ ਤੇ ਮਜ਼ਦੂਰਾਂ ਨੂੰ ਫੌਰੀ ਤੌਰ ’ਤੇ ਮੁਆਵਜ਼ਾ ਮਿਲਣਾ ਚਾਹੀਦਾ ਹੈ।
ਇਸ ਮੌਕੇ ਸੇਵਾ ਸਿੰਘ ਪੰਚਾਇਤ ਮੈਂਬਰ, ਵਰਿਆਮ ਸਿੰਘ ਫ਼ੌਜੀ, ਸੁਰਿੰਦਰ ਸਿੰਘ ਸਰਪੰਚ ਦਦੇਹਰ ਸਾਹਿਬ, ਸਵਰਨ ਸਿੰਘ ਸਾਬਕਾ ਚੇਅਰਮੈਨ, ਸਾਬਕਾ ਸਰਪੰਚ ਪਿਸ਼ੌਰਾ ਸਿੰਘ, ਜਸਬੀਰ ਸਿੰਘ ਜੌਣੇਕੇ, ਬਲਦੇਵ ਸਿੰਘ ਧੂੰਦਾ, ਜਗਤਾਰ ਸਿੰਘ ਸ਼ਾਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸਰਬਜੀਤ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਹੋਰ ਹਾਜ਼ਰ ਸਨ।





