ਪੰਜਾਬ ਕੁਸ਼ਤੀ ਐਸੋਸੀਏਸ਼ਨ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ : ਕਰਤਾਰ ਸਿੰਘ

0
35

ਚੰਡੀਗੜ੍ਹ : ਕੁਸ਼ਤੀ ਖੇਡ ਅਤੇ ਪਹਿਲਵਾਨਾਂ ਨਾਲ ਜ਼ਿਆਦਤੀਆਂ ਕਰਨ ਤੋਂ ਬਾਅਦ ਭਾਰਤੀ ਕੁਸ਼ਤੀ ਫੈਡਰੇਸ਼ਨ ਹੁਣ ਸੂਬਿਆਂ ਦੀਆਂ ਕੁਸ਼ਤੀ ਐਸੋਸੀਏਸ਼ਨਾਂ ਨਾਲ ਧੱਕੇਸ਼ਾਹੀ ਉੱਤੇ ਉਤਾਰੂ ਹੈ ਅਤੇ ਆਪਣੀ ਮਰਜ਼ੀ ਨਾਲ ਐਸੋਸੀਏਸ਼ਨਾਂ ਭੰਗ ਕਰ ਕੇ ਨਵੇਂ ਮਨਘੜਤ ਮੈਂਬਰ ਬਣਾ ਕੇ ਚੋਣ ਕਰਵਾਉਣ ਜਾ ਰਹੀ ਹੈ, ਜਿਸ ਦਾ ਸਮੂਹ ਕੁਸ਼ਤੀ ਜਗਤ ਸਖ਼ਤ ਵਿਰੋਧ ਕਰ ਰਿਹਾ ਹੈ। ਇਹ ਗੱਲ ਪੰਜਾਬ ਕੁਸ਼ਤੀ ਐਸੋਸੀਏਸ਼ਨ ਦੇ ਲਾਈਫ ਪ੍ਰਧਾਨ ਅਤੇ ਪਦਮਸ੍ਰੀ ਓਲੰਪੀਅਨ ਪਹਿਲਵਾਨ ਕਰਤਾਰ ਸਿੰਘ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਕੁਸ਼ਤੀ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਅਤੇ ਪਹਿਲਵਾਨਾਂ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਕਹੀ।
ਕਰਤਾਰ ਸਿੰਘ ਨੇ ਕਿਹਾ ਕਿ ਬਿ੍ਰਜ ਭੂਸ਼ਣ ਸ਼ਰਨ ਸਿੰਘ ਤੇ ਸੰਜੇ ਸਿੰਘ ਦੀ ਅਗਵਾਈ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਮਹਾਰਾਸ਼ਟਰ ਵਿਖੇ ਧੱਕੇਸ਼ਾਹੀ ਕਰਦਿਆਂ ਨਵੀਂਆਂ ਐਸੋਸੀਏਸ਼ਨਾਂ ਬਣਾਈਆਂ ਅਤੇ ਹੁਣ ਪੰਜਾਬ ਵਿੱਚ ਵਿੱਚ ਸਾਡੀ ਐਸੋਸੀਏਸ਼ਨ ਭੰਗ ਕਰਕੇ ਐਡਹਾਕ ਕਮੇਟੀ ਵੱਲੋਂ 9 ਦਸੰਬਰ ਨੂੰ ਚੋਣ ਰੱਖੀ ਗਈ ਹੈ, ਜਿਸ ਲਈ ਉਨ੍ਹਾਂ 46 ਵੋਟਰ ਮੈਂਬਰਾਂ ਵਿੱਚੋਂ 36 ਮੈਂਬਰਾਂ ਦੀ ਵੋਟ ਕੱਟ ਕੇ ਆਪਣੇ ਚਹੇਤੇ ਨਵੇਂ ਮੈਂਬਰ ਵੋਟਰ ਬਣਾ ਲਏ ਹਨ ਜਿਨ੍ਹਾਂ ਦਾ ਨਾ ਹੀ ਕੁਸ਼ਤੀ ਨਾਲ ਕੋਈ ਸੰਬੰਧ ਹੈ ਅਤੇ ਨਾ ਹੀ ਉਹ ਜ਼ਿਲ੍ਹਾ ਐਸੋਸੀਏਸ਼ਨਾਂ ਦੇ ਮੈਂਬਰ ਹਨ। ਉਨ੍ਹਾ ਕਿਹਾ ਕਿ ਇਸ ਧੱਕੇਸ਼ਾਹੀ ਤੇ 9 ਦਸੰਬਰ ਨੂੰ ਹੋਣ ਵਾਲੀ ਚੋਣ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਵੀ ਪਾਈ ਹੈ। ਉਹਨਾ ਫੈਡਰੇਸ਼ਨ ਦੀ ਧੱਕੇਸ਼ਾਹੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਕੁਸ਼ਤੀ ਐਸੋਸੀਏਸ਼ਨ ਦੀ ਜੁਲਾਈ 2022 ਵਿੱਚ ਚੋਣ ਹੋਈ ਸੀ, ਜਿਸ ਦੀ ਚਾਰ ਸਾਲ ਦੀ ਮਿਆਦ ਜੁਲਾਈ 2026 ਤੱਕ ਸੀ, ਪ੍ਰੰਤੂ ਫੈਡਰੇਸ਼ਨ ਨੇ ਆਪਣੇ ਚਹੇਤਿਆਂ ਨੂੰ ਅੱਗੇ ਲਿਆਉਣ ਲਈ ਆਨੇ-ਬਹਾਨੇ ਪੱਤਰ ਜਾਰੀ ਕਰਕੇ ਅਗਸਤ ਮਹੀਨੇ ਐਸੋਸੀਏਸ਼ਨ ਭੰਗ ਕਰਕੇ ਜੈ ਪ੍ਰਕਾਸ਼ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਐਡਹਾਕ ਕਮੇਟੀ ਬਣਾ ਦਿੱਤੀ, ਜਿਸ ਦੇ ਬਾਕੀ ਦੋ ਮੈਂਬਰ ਉਮੇਦ ਸਿੰਘ ਤੇ ਸੱਤਿਆ ਪਾਲ ਸਿੰਘ ਦੇਸ਼ਵਾਲ ਹਨ। ਪ੍ਰੈੱਸ ਕਾਨਫਰੰਸ ਦੌਰਾਨ ਅਮਨਵੀਰ ਸਿੰਘ, ਕੁਲਵੰਤ ਸਿੰਘ, ਅਦਿੱਤਿਆ ਕੁੰਡੂ, ਸਰਬਜੀਤ ਸਿੰਘ ਬਾਲਾ, ਮੁਕੇਸ਼ ਕੁਮਾਰ, ਕੁਲਦੀਪ ਸਿੰਘ, ਮੁਹੰਮਦ ਖਾਲਿਦ ਥਿੰਦ, ਅਰਫਾਨ ਅੰਜੁਮ, ਗੁਰਮੀਤ ਸਿੰਘ, ਸੁਖਮੰਦਰ ਸਿੰਘ, ਵਿਸ਼ਵਜੀਤ ਸਿੰਘ, ਅਸ਼ੋਕ ਕੁਮਾਰ, ਐਡਵੋਕੇਟ ਹਰਿੰਦਰ ਸਿੰਘ ਘੁੰਮਣ ਤੇ ਸੁਖਰੀਵ ਚੰਦ ਨੇ ਇਕਜੁੱਟ ਹੋ ਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਵਧੀਕੀਆਂ ਖਿਲਾਫ਼ ਝੰਡਾ ਚੁੱਕ ਕੇ ਇਸ ਬੇਇਨਸਾਫੀ ਖ਼ਿਲਾਫ਼ ਹਰ ਲੜਾਈ ਲੜਨ ਦਾ ਅਹਿਦ ਲਿਆ।