ਪਟਿਆਲਾ : ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ (ਰਜਿ:) 41 ਦੇ ਸਾਬਕਾ ਸੂਬਾ ਪ੍ਰਧਾਨ ਮਰਹੂਮ ਕਾਮਰੇਡ ਭਗਵਾਨ ਸਿੰਘ ਅਣਖੀ ਦੀ 34 ਵੀਂ ਬਰਸੀ ਹਰੇਕ ਸਾਲ ਦੀ ਤਰ੍ਹਾਂ 10 ਦਸੰਬਰ ਨੂੰ ਕਾਮਰੇਡ ਅਣਖੀ ਯਾਦਗਾਰੀ ਭਵਨ ਫੈਕਟਰੀ ਏਰੀਆ ਪਟਿਆਲਾ ਵਿਖੇ ਮਨਾਉਣ ਲਈ ਯਾਦਗਾਰੀ ਭਵਨ ਦੀ ਦਿੱਖ ਸਵਾਰਨ (ਰੰਗ-ਰੋਗਨ ਕਰਨ) ਸਮੇਤ ਫੈਕਟਰੀ ਏਰੀਆ ਨੂੰ ਏਟਕ ਦੀਆਂ ਲਾਲ ਝੰਡੀਆਂ ਲਾ ਕੇ ਵਰਕਰਾਂ ਵਿੱਚ ਉਤਸ਼ਾਹ ਭਰਨ ਸਮੇਤ ਹਾਜ਼ਰੀਨ ਲਈ ਚਾਹ ਅਤੇ ਲੰਗਰ ਦਾ ਪ੍ਰਬੰਧ ਕਰਨ ਦੀਆਂ ਤਿਆਰੀਆਂ ਪੂਰੇ ਜ਼ੋਰਾਂ ’ਤੇ ਚੱਲ ਰਹੀਆਂ ਹਨ। ਸਾਂਝਾ ਬਿਆਨ ਜਾਰੀ ਕਰਦਿਆਂ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਅਤੇ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ ਯੂਨੀਅਨ ਪੰਜਾਬ (ਸੰਬੰਧਤ ਏਟਕ) ਦੇ ਸੂਬਾ ਪ੍ਰਧਾਨ ਰਾਧੇਸ਼ਿਆਮ ਨੇ ਦੱਸਿਆ ਕਿ ਬਿਜਲੀ ਕਾਮਿਆਂ ਦੀ ਲਹਿਰ ਦੇ ਨਿਧੜਕ ਆਗੂ ਰਹੇ ਭਗਵਾਨ ਸਿੰਘ ਅਣਖੀ, ਐੱਚ ਐੱਸ ਪ੍ਰਮਾਰ, ਸਤਨਾਮ ਸਿੰਘ ਛਲੇੜੀ, ਮਹਿੰਦਰ ਸਿੰਘ ਬਟਾਲਾ ਸਮੇਤ ਹੋਰ ਵਿਛੋੜਾ ਦੇ ਚੁੱਕੇ ਆਗੂਆਂ ਨੂੰ ਪੰਜਾਬ ਏਟਕ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕਰਨ ਅਤੇ ਵਿਛੋੜਾ ਦੇ ਗਏ ਆਗੂਆਂ ਦੇ ਪਰਵਾਰਕ ਮੈਂਬਰਾਂ ਨੂੰ ਸਨਮਾਨਤ ਕਰਨ ਉਪਰੰਤ ਫੈਕਟਰੀ ਏਰੀਆ ਤੋਂ ਪਾਵਰਕਾਮ ਦੇ ਮੁੱਖ ਦਫਤਰ ਤੱਕ ਸ਼ਹਿਰ ਵਿੱਚ ਅਮਨਪੂਰਵਕ ਤਰੀਕੇ ਨਾਲ ਲਾਲ ਝੰਡੇ ਅਤੇ ਮਾਟੋ ਹੱਥਾਂ ਵਿੱਚ ਫੜ ਕੇ ਰੋਹ ਭਰਪੂਰ ਰੋਸ ਮਾਰਚ ਕਰਦੇ ਹੋਏ ਮੁੱਖ ਦਫ਼ਤਰ ਦੇ ਮੇਨ ਗੇਟ ’ਤੇ ਬਿਜਲੀ ਸੋਧ ਬਿੱਲ 2025 ਦੇ ਖਰੜੇ ਅਤੇ ਚਾਰ ਲੇਬਰ ਕੋਡ ਦੀਆਂ ਕਾਪੀਆਂ ਫੂਕ ਕੇ ਪੰਜਾਬ ਸਰਕਾਰ ਵੱਲੋਂ ਬਿਜਲੀ ਨਿਗਮ ਦੀਆਂ ਜਾਇਦਾਦਾਂ ਵੇਚਣ ਦੀ ਲੋਕ ਵਿਰੋਧੀ ਤਜਵੀਜ਼ ਖਿਲਾਫ਼ ਜ਼ੋਰਦਾਰ ਅਵਾਜ਼ ਬੁਲੰਦ ਕੀਤੀ ਜਾਵੇਗੀ।
ਦੋਵਾਂ ਜਥੇਬੰਦੀਆਂ ਦੇ ਜਨਰਲ ਸਕੱਤਰਾਂ ਕ੍ਰਮਵਾਰ ਸਰਿੰਦਰਪਾਲ ਸਿੰਘ ਲਹੌਰੀਆ ਅਤੇ ਅਮਰੀਕ ਸਿੰਘ ਮਸੀਤਾਂ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਹਰੇਕ ਵਾਰ ਸੰਘਰਸ਼ਾਂ ਤੋਂ ਉਤਪਨ ਹੋਈ ਸਥਿਤੀ ਦੇ ਮੱਦੇਨਜ਼ਰ ਮੀਟਿੰਗਾਂ ਵਿੱਚ ਮੰਗਾਂ ਨੂੰ ਮੰਨ ਕੇ ਵਾਅਦਾਖਿਲਾਫ਼ੀ ਕਰਨ ਦੀ ਆਦੀ ਹੋ ਚੁੱਕੀ ਹੈ। ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਨੂੰ ਮੁੜ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਕਰ ਰਹੀ ਹੈ। ਆਗੂਆਂ ਹੱਕਾਂ ਦੀ ਰਾਖੀ ਲਈ ਅਤੇ ਮਰਹੂਮ ਆਗੂਆਂ ਦੀ ਨਿੱਘੀ ਯਾਦ ਨੂੰ ਤਾਜ਼ਾ ਰੱਖਣ ਲਈ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵਹੀਰਾਂ ਘੱਤ ਕੇ 10 ਦਸੰਬਰ ਨੂੰ ਸਵੇਰੇ 11 ਵਜੇ ਪਟਿਆਲਾ ਪਹੁੰਚਣ ਦੀਆਂ ਤਿਆਰੀਆਂ ਕਰਨ ਲਈ ਫੀਲਡ ਵਿੱਚ ਵੱਡੇ ਪੱਧਰ ’ਤੇ ਲਾਮਬੰਦੀ ਕਰਨ ਦਾ ਸੱਦਾ ਦਿੱਤਾ ਹੈ।





