ਕਾਂਗਰਸ-ਅਕਾਲੀ ਦਲ ਬੁਖਲਾਹਟ ’ਚ : ਧਾਲੀਵਾਲ

0
25

ਚੰਡੀਗੜ੍ਹ : ਆਪ ਦੇ ਮੁੱਖ ਬੁਲਾਰੇ ਕੁਲਦੀਪ ਧਾਲੀਵਾਲ ਨੇ ਅਕਾਲੀ ਦਲ ਅਤੇ ਕਾਂਗਰਸ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਪਾਰਟੀਆਂ ਦਾ ਇਤਿਹਾਸ ਹਿੰਸਾ ਅਤੇ ਧਾਂਦਲੀ ਦਾ ਰਿਹਾ ਹੈ, ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਅਗਵਾਈ ਵਿੱਚ ਇਸ ਵਾਰ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਣ ਜਾ ਰਹੀਆਂ ਹਨ। ਸ਼ਨੀਵਾਰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਧਾਲੀਵਾਲ ਨੇ ਕਿਹਾ ਕਿ 14 ਤਰੀਕ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਲਈ ਤਿਆਰੀਆਂ ਪੂਰੀਆਂ ਹਨ।ਧਾਲੀਵਾਲ ਨੇ ਅਕਾਲੀ-ਕਾਂਗਰਸ ਸਰਕਾਰਾਂ ਦੌਰਾਨ ਇਨ੍ਹਾਂ ਚੋਣਾਂ ਵਿੱਚ ਹੋਈ ਗੁੰਡਾਗਰਦੀ ਅਤੇ ਹੁੱਲੜਬਾਜ਼ੀ ਦੇ ਇਤਿਹਾਸ ਨੂੰ ਯਾਦ ਕਰਦੇ ਹੋਏ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਦੇ ਆਗੂਆਂ ਨੇ ਅਜਿਹੀਆਂ ਹੀ ਕੋਸ਼ਿਸ਼ਾਂ ਕੀਤੀਆਂ ਹਨ।ਉਨ੍ਹਾਂ ਬੀਤੇ ਸ਼ੁੱਕਰਵਾਰ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਪਿੰਡੀ ਸੈਦਾਂ ਵਿੱਚ ਹੋਈ ਸ਼ਰਮਨਾਕ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਾਡੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਲਖਵਿੰਦਰ ਸਿੰਘ ਲੱਖਾ ਅਤੇ ਕੁਝ ‘ਆਪ’ ਵਰਕਰਾਂ ’ਤੇ ਕਾਂਗਰਸੀ ਨੇਤਾਵਾਂ ਨੇ ਗੋਲੀਆਂ ਚਲਾਈਆਂ ਅਤੇ ਹਥਿਆਰਾਂ ਨਾਲ ਹਮਲਾ ਕੀਤਾ। ਇਹ ਅਤਿਅੰਤ ਨਿੰਦਣਯੋਗ ਹੈ।ਉਨ੍ਹਾ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਧੱਕੇ ਨਾਲ ਚੋਣ ਜਿੱਤਣ ਲਈ ਕਾਂਗਰਸ ਗੁੰਡਾਗਰਦੀ ’ਤੇ ਉਤਰ ਆਈ ਹੈ।
ਇਹ ਕਾਂਗਰਸ ਦੀ ਨੀਵੇਂ ਦਰਜੇ ਦੀ ਸੋਚ ਨੂੰ ਉਜਾਗਰ ਕਰਦਾ ਹੈ। ਉਨ੍ਹਾ ਕਿਹਾ ਕਿ ‘ਆਪ’ ਸਰਕਾਰ ਦੀ ਅਗਵਾਈ ਵਿੱਚ ਪੂਰੇ ਪੰਜਾਬ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਹੋਈ ਹੈ ਅਤੇ ਨਾ ਹੀ ਅਸੀਂ ਆਪਣੇ ਫਾਇਦੇ ਲਈ ਕਿਸੇ ਸਰਕਾਰੀ ਫਾਈਲ ਨੂੰ ਕਦੇ ਦਬਾਇਆ ਹੈ। ਅਸੀਂ ਵਿਕਾਸ ਦੇ ਕੰਮਾਂ ਦੇ ਅਧਾਰ ’ਤੇ ਵੋਟ ਮੰਗਾਂਗੇ। ਵਿਰੋਧੀ ਇਸ ਗੱਲ ਤੋਂ ਬੁਖਲਾਏ ਹੋਏ ਹਨ ਕਿ ਆਮ ਪਰਵਾਰਾਂ ਦੇ ਲੋਕ ਕਿਵੇਂ ਸਿਆਸਤ ਵਿੱਚ ਆ ਗਏ, ਇਸ ਲਈ ਉਹ ਸਾਨੂੰ ਡਰਾਉਣਾ ਚਾਹੁੰਦੇ ਹਨ।