ਪਟਿਆਲਾ : ਇੱਥੇ ਮੰਗਲਵਾਰ ਪਟਿਆਲਾ ਦੇ ਨਵੇਂ ਬੱਸ ਸਟੈਂਡ ਵਿਖੇ ਪੀ ਆਰ ਟੀ ਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਵੱਲੋਂ ਪੈਨਸ਼ਨ ਦੀ ਅਦਾਇਗੀ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਅਤੇ ਪੀ ਆਰ ਟੀ ਸੀ ਦੀ ਮੈਨੇਜਮੈਂਟ ਵਿਰੁੱਧ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ।ਪੈਨਸ਼ਨ ਦੀ ਇਸ ਮਹੀਨੇ ਦੀ ਅਦਾਇਗੀ ਨਾ ਕੀਤੇ ਜਾਣ ਤੋਂ ਬਿਨਾਂ ਹੋਰ ਮਸਲੇ ਜਿਵੇਂ ਕਿ ਐੱਲ ਟੀ ਸੀ ਦਾ ਕਾਨੂੰਨੀ ਹੱਕ ਨਾ ਦੇਣਾ, ਪੇ-ਕਮਿਸ਼ਨ ਦੇ ਬਕਾਇਆ ਦੀ ਅਦਾਇਗੀ ਨਾ ਸ਼ੁਰੂ ਕੀਤੇ ਜਾਣਾ, ਪਿਛਲੇ 2 ਸਾਲਾਂ ਤੋਂ ਸੇਵਾ-ਮੁਕਤ ਹੋਏ ਵਰਕਰਾਂ ਨੂੰ ਕੋਈ ਅਦਾਇਗੀ ਨਾ ਕੀਤੇ ਜਾਣਾ, ਮੈਡੀਕਲ ਬਿੱਲਾਂ ਦਾ ਭੁਗਤਾਨ ਨਾ ਕਰਨਾ, ਨਵੀਂਆਂ ਬੱਸਾਂ ਨਾ ਪਾ ਕੇ ਪੀ ਆਰ ਟੀ ਸੀ ਦੇ ਹੋ ਰਹੇ ਨੁਕਸਾਨ ਪ੍ਰਤੀ ਮੈਨੇਜਮੈਂਟ ਅਤੇ ਸਰਕਾਰ ਵੱਲੋਂ ਵਰਤੀ ਜਾ ਰਹੀ ਲਾਪਰਵਾਹੀ, 8240 ਰਿੱਟ ਦੁਆਰਾ ਰੈਗੂਲਰ ਹੋਏ ਮੌਜੂਦਾ ਅਤੇ ਉਨ੍ਹਾਂ ਵਿੱਚੋਂ ਸੇਵਾ-ਮੁਕਤ ਹੋ ਚੁੱਕੇ ਵਰਕਰਾਂ ਨੂੰ ਇੱਕ ਸਾਲ ਤੋਂ ਵੱਧ ਸਮੇਂ ਤੋਂ ਪੈਨਸ਼ਨ ਸਕੀਮ ਤੋਂ ਵਾਂਝੇ ਰੱਖੇ ਜਾਣਾ, ਵੱਡੀ ਉਮਰ ਦੇ 300 ਬਜ਼ੁਰਗ ਸੇਵਾ-ਮੁਕਤ ਵਰਕਰਾਂ ਨੂੰ ਪੈਨਸ਼ਨ ਨਾ ਲਾਏ ਜਾਣ ਸੰਬੰਧੀ, ਪੰਜਾਬ ਸਰਕਾਰ ਵੱਲੋਂ ਪੀ ਆਰ ਟੀ ਸੀ ਨੂੰ ਮੁਫਤ ਸਫਰ ਸਹੂਲਤਾਂ ਬਦਲੇ ਬਣਦੇ 700 ਕਰੋੜ ਨਾ ਦਿੱਤੇ ਜਾਣਾ ਆਦਿ ਮਸਲਿਆਂ ਬਾਰੇ ਜਥੇਬੰਦੀ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਜੇਕਰ ਮੈਨੇਜਮੈਂਟ ਨੇ ਇਹਨਾਂ ਮਸਲਿਆਂ ਦਾ ਕੋਈ ਹੱਲ ਨਾ ਕੱਢਿਆ ਤਾਂ ਪੈਨਸ਼ਨਰਾਂ ਵਿੱਚ ਪਾਇਆ ਜਾ ਰਿਹਾ ਗੁੱਸਾ ਸਖਤ ਸੰਘਰਸ਼ ਦੇ ਰੂਪ ਵਿੱਚ ਸਾਹਮਣੇ ਆਏਗਾ।ਇਕੱਠ ਨੂੰ ਸੰਬੋਧਨ ਕਰਦਿਆਂ ਸੇਵਾ-ਮੁਕਤ ਕਰਮਚਾਰੀਆਂ ਦੀ ਇਸ ਸਿਰਮੌਰ ਜਥੇਬੰਦੀ ਦੇ ਸਰਪ੍ਰਸਤ ਨਿਰਮਲ ਸਿੰਘ ਧਾਲੀਵਾਲ, ਪ੍ਰਧਾਨ ਉਤਮ ਸਿੰਘ ਬਾਗੜੀ ਅਤੇ ਜਨਰਲ ਸਕੱਤਰ ਮੁਹੰਮਦ ਖਲੀਲ ਨੇ ਕਿਹਾ ਕਿ ਪੀ ਆਰ ਟੀ ਸੀ ਦੀ ਅੱਧੀ ਤੋਂ ਵੱਧ ਆਮਦਨ ਔਰਤਾਂ ਅਤੇ ਹੋਰ ਕੈਟਾਗਰੀਆਂ ਨੂੰ ਦਿੱਤੀਆਂ ਜਾ ਰਹੀਆਂ ਮੁਫਤ ਸਫਰ ਸਹੂਲਤਾਂ ਦੇ ਲੇਖੇ ਲੱਗ ਰਹੀ ਹੈ, ਜਿਸ ਬਦਲੇ ਸਰਕਾਰ ਲੋਕਾਂ ਤੋਂ ਭੱਲ਼ ਖੱਟਣ ਦੀ ਮੁਜਰਮਾਨਾ ਕੋਸ਼ਿਸ਼ ਤਾਂ ਕਰਦੀ ਹੈ, ਪਰ ਪੀ ਆਰ ਟੀ ਸੀ ਦੇ ਮੌਜੂਦਾ ਅਤੇ ਸੇਵਾ-ਮੁਕਤ ਵਰਕਰਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਦੇਣ ਦੀ ਆਪਣੀ ਕੋਈ ਨੈਤਿਕ ਜਿੰਮੇਵਾਰੀ ਨਹੀਂ ਸਮਝਦੀ। ਸਿਆਸੀ ਚੇਅਰਮੈਨ, ਵਾਈਸ ਚੇਅਰਮੈਨ ਅਤੇ 5-7 ਬੋਰਡ ਡਾਇਰੈਕਟਰ ਤਾਂ ਸਰਕਾਰ ਨੇ ਇੱਥੇ ਬਿਰਾਜਮਾਨ ਕੀਤੇ ਹੋਏ ਹਨ, ਪਰ ਉਨ੍ਹਾਂ ਦੀ ਅਦਾਰੇ ਪ੍ਰਤੀ ਕਾਰਗੁਜ਼ਾਰੀ 0 ਦੇ ਬਰਾਬਰ ਹੈ। ਅਦਾਰੇ ਦਾ ਉਹ ਕੁਝ ਵੀ ਭਲਾ ਨਹੀਂ ਕਰ ਸਕੇ। ਆਗੂਆਂ ਮੰਗ ਕੀਤੀ ਕਿ ਤਨਖਾਹ-ਪੈਨਸ਼ਨ ਦਾ ਭੁਗਤਾਨ ਤੁਰੰਤ ਕੀਤਾ ਜਾਵੇ ਅਤੇ ਬਾਕੀ ਦੀਆਂ ਮੰਗਾਂ ਦਾ ਵੀ ਬਿਨ੍ਹਾਂ ਦੇਰੀ ਹੱਲ ਕੀਤਾ ਜਾਵੇ। ਮੁਜ਼ਾਹਰੇ ਨੂੰ ਜਿਨ੍ਹਾਂ ਹੋਰ ਆਗੂਆਂ ਨੇ ਸੰਬੋਧਨ ਕੀਤਾ, ਉਨ੍ਹਾਂ ਵਿੱਚ ਸੁਖਦੇਵ ਰਾਮ ਸੁਖੀ, ਗੁਰਵਿੰਦਰ ਸਿੰਘ ਗੋਲਡੀ ਅਤੇ ਰਾਮ ਸਰੂਪ ਅਗਰਵਾਲ ਸ਼ਾਮਲ ਸਨ।





