ਟਰਕੌਲੋਜੀ

0
2

ਆਪਣੀ ਨਿਗਰਾਨੀ ਹੇਠ ਭਾਰਤ ਦੀ ਚੋਣ ਪ੍ਰਣਾਲੀ ਦੀ ਭਰੋਸੇਯੋਗਤਾ ‘ਤੇ ਉੱਠ ਰਹੇ ਸਵਾਲਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਆਪਣੇ ਜਾਣੇ-ਪਛਾਣੇ ਵਿਸ਼ੇ ‘ਪਾਕਿਸਤਾਨ’ ਦਾ ਰਾਗ ਅਲਾਪਿਆ |
ਉਨ੍ਹਾ ਨੇ ਆਪਣੇ ਮਾਸਿਕ ਰੇਡੀਓ ਪ੍ਰਸਾਰਣ ‘ਮਨ ਕੀ ਬਾਤ’ ਵਿੱਚ ਗੁਆਂਢੀ ਦੇਸ਼ ਵਿਰੁੱਧ ‘ਸਰਜੀਕਲ ਸਟ੍ਰਾਈਕ’ ਦੀ 10ਵੀਂ ਵਰ੍ਹੇਗੰਢ ਨੂੰ ਉਜਾਗਰ ਕੀਤਾ, ਅੱਤਵਾਦ ਪ੍ਰਤੀ ਆਪਣੀ ਸਰਕਾਰ ਦੇ ‘ਨਵੇਂ ਦਲੇਰਾਨਾ’ ਜਵਾਬ ਦਾ ਜ਼ਿਕਰ ਕਰਦਿਆਂ ਆਪਣੇ ਤੋਂ ਪਹਿਲੇ ਪ੍ਰਧਾਨ ਮੰਤਰੀਆਂ ਨੂੰ ਕਮਜ਼ੋਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ | ਉਨ੍ਹਾ ਕਿਹਾ ਕਿ ਦਸ ਸਾਲ ਪਹਿਲਾਂ 28-29 ਸਤੰਬਰ 2016 ਨੂੰ ਭਾਰਤੀ ਫੌਜ ਨੇ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ‘ਤੇ ਸਰਜੀਕਲ ਸਟ੍ਰਾਈਕ ਕੀਤੀਆਂ ਅਤੇ ਬਹਾਦਰ ਸੈਨਿਕਾਂ ਨੇ ਜਿਸ ਤਰੀਕੇ ਨਾਲ ਕੰਟਰੋਲ ਰੇਖਾ ਪਾਰ ਕੀਤੀ, ਉਹ ਦੇਖ ਕੇ ਦੁਨੀਆ ਹੈਰਾਨ ਰਹਿ ਗਈ |
ਪਰ ਮੋਦੀ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ, ਉਸ ਵਿਰੁੱਧ ਮੁਕੱਦਮਾ ਚਲਾਉਣ ਅਤੇ ਐੱਸ ਆਈ ਆਰ ਨੂੰ ਰੱਦ ਕਰਨ ਦੀਆਂ ਮੰਗਾਂ ਦਾ ਕੋਈ ਜ਼ਿਕਰ ਨਹੀਂ ਕੀਤਾ | ਇਸ ਦੀ ਬਜਾਏ ਉਹ ਇੱਕ ਮਨਪਸੰਦ ਵਿਸ਼ੇ ਤੋਂ ਦੂਜੇ ਵਿਸ਼ੇ ‘ਤੇ ਛਾਲ ਮਾਰਦੇ ਰਹੇ-ਅੱਤਵਾਦ, ਰਾਸ਼ਟਰੀ ਸੁਰੱਖਿਆ, ਬਾਹਰੀ ਖਤਰੇ, ਭਾਰਤ ਦੀ ਸੱਭਿਅਤਾ ਦੀ ਤਾਕਤ ਦੇ ਪ੍ਰਤੀਕ ਮੰਦਰ | ਮੋਦੀ ਨੇ 1026 ਈਸਵੀ ਵਿੱਚ ਗੁਜਰਾਤ ਦੇ ਸੋਮਨਾਥ ਮੰਦਰ ਅਤੇ ਮੋਢੇਰਾ ਸੂਰਜ ਮੰਦਰ ‘ਤੇ ਗਜ਼ਨੀ ਦੇ ਹਮਲਿਆਂ ਦਾ ਜ਼ਿਕਰ ਕਰਦਿਆਂ ਇਹ ਦਲੀਲ ਦਿੱਤੀ ਕਿ ਜਿਨ੍ਹਾਂ ਲੋਕਾਂ ਨੇ ਭਾਰਤ ਦੀ ਪਛਾਣ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ, ਉਹ ਗਾਇਬ ਹੋ ਗਏ, ਜਦੋਂ ਕਿ ਮੰਦਰ ਸ਼ਾਨ ਨਾਲ ਖੜ੍ਹੇ ਰਹੇ | ਉਨ੍ਹਾ ਇਹ ਵੀ ਕਿਹਾ ਕਿ ਪਿਛਲੇ ਦਹਾਕੇ ਦੌਰਾਨ-ਬਾਲਾਕੋਟ ਹਵਾਈ ਹਮਲੇ ਤੋਂ ਲੈ ਕੇ ਅਪ੍ਰੇਸ਼ਨ ਸਿੰਧੂਰ ਤੱਕ ਭਾਰਤ ਨੇ ਵਾਰ-ਵਾਰ ਇੱਕ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਜੇ ਅੱਤਵਾਦੀ ਭਾਰਤ ‘ਤੇ ਬੁਰੀ ਨਜ਼ਰ ਰੱਖਣ ਦੀ ਹਿੰਮਤ ਕਰਦੇ ਹਨ ਤਾਂ ਉਨ੍ਹਾਂ ਨੂੰ ਢੁਕਵਾਂ ਜਵਾਬ ਦਿੱਤਾ ਜਾਵੇਗਾ | ਉਨ੍ਹਾ 13 ਸਤੰਬਰ 2008 ਦੇ ਦਿੱਲੀ ਧਮਾਕਿਆਂ ਅਤੇ ਨਵੰਬਰ 2008 ਦੇ ਮੁੰਬਈ ਹਮਲਿਆਂ ਦਾ ਹਵਾਲਾ ਦਿੰਦੇ ਹੋਏ ਯੂ ਪੀ ਏ ਯੁੱਗ ਨੂੰ ਇੱਕ ਅਜਿਹਾ ਸਮਾਂ ਦੱਸਿਆ, ਜਦੋਂ ਦੇਸ਼ ਵਿੱਚ ਲੜੀਵਾਰ ਧਮਾਕੇ ਇੱਕ ਆਮ ਘਟਨਾ ਬਣ ਗਏ ਸਨ |
ਕਿਸਾਨਾਂ ਤੋਂ ਬਾਅਦ ਜਦੋਂ ਤੋਂ ਦੇਸ਼ ਦੇ ਨੌਜਵਾਨ ਉੱਠੇ ਹਨ, ਪ੍ਰਧਾਨ ਮੰਤਰੀ ਨੂੰ ਸੁੱਝ ਨਹੀਂ ਰਿਹਾ ਕਿ ਦੇਸ਼ ਵਿੱਚ ਵਧ ਰਹੀ ਬੇਚੈਨੀ ਨਾਲ ਕਿਵੇਂ ਨਜਿੱਠਣਾ ਹੈ | ਜੰਤਰ-ਮੰਤਰ ਦੇ ਪ੍ਰੋਟੈੱਸਟ ਦੌਰਾਨ ਨੌਜਵਾਨਾਂ ਨੂੰ ਪਰਚਾਉਣ ਲਈ ਬਣਾਈਆਂ ਰੀਲ੍ਹਾਂ ਦਾ ਕੋਈ ਅਸਰ ਨਹੀਂ ਹੋਇਆ | ਮੰਤਰੀਆਂ ਨੂੰ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਭੇਜ ਕੇ ਵਿਦਿਆਰਥੀਆਂ ਨਾਲ ਸਿੱਧਾ ਸੰਵਾਦ ਰਚਾਉਣ ਦਾ ਵੀ ਕੋਈ ਫਾਇਦਾ ਨਹੀਂ ਹੋਇਆ | ਇਸ ਦੇ ਉਲਟ ਨੌਜਵਾਨ ਨਵੇਂ-ਨਵੇਂ ਸਵਾਲ ਪੁੱਛ ਰਹੇ ਹਨ, ਜਿਨ੍ਹਾਂ ਦਾ ਜਵਾਬ ਨਾ ਪ੍ਰਧਾਨ ਮੰਤਰੀ ਤੇ ਨਾ ਹੀ ਉਨ੍ਹਾ ਦੇ ਲਫਟੈਣ ਦੇ ਪਾ ਰਹੇ ਹਨ | ਹੁਣ ਸਮਾਂ ਇਧਰਲੀਆਂ-ਉਧਰਲੀਆਂ ਮਾਰ ਕੇ ਮਾਮਲਾ ਰਫਾ-ਦਫਾ ਕਰਨ ਵਾਲਾ ਨਹੀਂ ਰਿਹਾ | ਪ੍ਰਧਾਨ ਮੰਤਰੀ ਨੂੰ ਆਪਣੇ ‘ਮਨ ਕੀ ਬਾਤ’ ਕਰਨ ਦੇ ਨਾਲ-ਨਾਲ ਦੇਸ਼ ਦੇ ‘ਮਨ ਕੀ ਬਾਤ’ ਵੀ ਸੁਣਨੀ ਹੀ ਪੈਣੀ ਹੈ |