ਕਾਮਰੇਡ ਭਗਵਾਨ ਸਿੰਘ ਅਣਖੀ ਦੀ 34ਵੀਂ ਬਰਸੀ ਜੋਸ਼ੋ-ਖਰੋਸ਼ ਨਾਲ ਮਨਾਈ
ਪਟਿਆਲਾ : ਬਿਜਲੀ ਕਾਮਿਆਂ ਦੀ ਸਿਰਮੌਰ ਅਤੇ ਸੰਘਰਸ਼ਸ਼ੀਲ ਜਥੇਬੰਦੀ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਰਜਿ: 41 ਦੇ ਸਾਬਕਾ ਸੂਬਾ ਪ੍ਰਧਾਨ ਮਰਹੂਮ ਕਾਮਰੇਡ ਭਗਵਾਨ ਸਿੰਘ ਅਣਖੀ ਦੀ 34 ਵੀਂ ਬਰਸੀ ਬੁੱਧਵਾਰ ਸਥਾਨਕ ਫੈਕਟਰੀ ਏਰੀਆ ਵਿਖੇ ਬਣੇ ਅਣਖੀ ਯਾਦਗਾਰੀ ਭਵਨ ਵਿੱਚ ਹਰੇਕ ਸਾਲ ਦੀ ਤਰਾਂ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਉਣ ਲਈ ਪੂਰੇ ਪੰਜਾਬ ਤੋਂ ਕਾਫਲੇ ਬੰਨ੍ਹ ਕੇ ਬਿਜਲੀ ਕਾਮੇ ਅਤੇ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ (ਸੰਬੰਧਤ ਏਟਕ) ਜਥੇਬੰਦੀ ਦੇ ਆਗੂ ਅਤੇ ਮੈਂਬਰ ਆਪਣੇ ਆਗੂਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵਹੀਰਾਂ ਘੱਤ ਕੇ ਪਹੁੰਚੇ। ਸਮਾਗਮ ਦੇ ਸ਼ੁਰੂ ਵਿੱਚ ਜਥੇਬੰਦੀ ਦਾ ਲਾਲ ਝੰਡਾ ਲਹਿਰਾਉਣ ਦੀ ਰਸਮ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਨਿਭਾਈ। ਉਪਰੰਤ ਸੂਬਾ ਜਨਰਲ ਸਕੱਤਰ ਸਰਿੰਦਰਪਾਲ ਸਿੰਘ ਲਹੌਰੀਆ ਨੇ ਜਥੇਬੰਦੀ ਦੇ ਸਾਬਕਾ ਸੂਬਾ ਪ੍ਰਧਾਨ ਕਾਮਰੇਡ ਭਗਵਾਨ ਸਿੰਘ ਅਣਖੀ, ਸਾਬਕਾ ਸੂਬਾ ਪ੍ਰਧਾਨ ਸਤਨਾਮ ਸਿੰਘ ਛਲੇੜੀ, ਸਾਬਕਾ ਸੂਬਾ ਪ੍ਰਧਾਨ ਐੱਚ ਐੱਸ ਪ੍ਰਮਾਰ, ਸਾਬਕਾ ਸੂਬਾ ਜਨਰਲ ਸਕੱਤਰ ਮਹਿੰਦਰ ਸਿੰਘ ਬਟਾਲਾ, ਮੀਤ ਪ੍ਰਧਾਨ ਦਰਸ਼ਨ ਸਿੰਘ ਢਿੱਲੋਂ, ਦਿਲਬਾਗ ਸਿੰਘ ਅਟਵਾਲ, ਬਸੰਤ ਰਾਮ ਵੇਰਕਾ, ਰਣਜੀਤ ਸਿੰਘ ਬਿੰਝੋਕੀ, ਬਾਬਾ ਬਲਕਾਰ ਸਿੰਘ, ਗੁਰਬਖਸ਼ ਸਿੰਘ, ਤੇਜਿੰਦਰ ਸਿੰਘ ਮੋਹੀ, ਪਦਮ ਸਿੰਘ ਠਾਕੁਰ, ਰਾਜਿੰਦਰ ਸਿੰਘ ਭੱਠਲ, ਮੁਸ਼ਤਾਕ ਮਸੀਹ ਆਦਿ ਵਿਛੋੜਾ ਦੇ ਚੁੱਕੇ ਆਗੂਆਂ ਅਤੇ ਹੋਰ ਨਾਮਵਰ ਸ਼ਖਸੀਅਤਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਬਕਾਇਦਾ ਤੌਰ ’ਤੇ ਸਮਾਗਮ ਦੀ ਸ਼ਰੂਆਤ ਕੀਤੀ।
ਸਮਾਗਮ ਦੀ ਪ੍ਰਧਾਨਗੀ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ, ਵਰਕਿੰਗ ਪ੍ਰਧਾਨ ਗੁਰਵਿੰਦਰ ਸਿੰਘ ਹਜ਼ਾਰਾ, ਪੈਨਸ਼ਨਰ ਯੂਨੀਅਨ ਏਟਕ ਦੇ ਸੂਬਾ ਪ੍ਰਧਾਨ ਰਾਧੇ ਸ਼ਿਆਮ ਅਤੇ ਵਰਕਿੰਗ ਪ੍ਰਧਾਨ ਚਮਕੌਰ ਸਿੰਘ ਬੀਰਮੀ ’ਤੇ ਅਧਾਰਤ ਸਾਂਝੇ ਪ੍ਰਧਾਨਗੀ ਮੰਡਲ ਨੇ ਕੀਤੀ। ਸਮਾਗਮ ਦਾ ਉਦਘਾਟਨੀ ਭਾਸ਼ਣ ਜਥੇਬੰਦੀ ਦੇ ਸਾਬਕਾ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਏਟਕ ਦੇ ਸੂਬਾ ਵਰਕਿੰਗ ਪ੍ਰਧਾਨ ਸੁਖਦੇਵ ਸ਼ਰਮਾ ਨੇ ਦਿੰਦਿਆਂ ਕਿਹਾ ਕਿ ਕਾਮਰੇਡ ਭਗਵਾਨ ਸਿੰਘ ਅਣਖੀ ਅਤੇ ਮਹਿੰਦਰ ਸਿੰਘ ਬਟਾਲਾ ਦੀ ਸੁਚੱਜੀ ਅਗਵਾਈ ਹੇਠ 1986 ਦੇ ਪੇ-ਸਕੇਲਾਂ ਦੀ ਸੁਧਾਈ ਸਮੇਂ ਬਿਜਲੀ ਕਾਮਿਆਂ ਨੂੰ ਤਰੱਕੀ ਸਕੇਲ ਦਿਵਾਉਣ ਦਾ ਬਹੁਤ ਹੀ ਮਹੱਤਵਪੂਰਨ ਕੰਮ ਨੇਪਰੇ ਚੜ੍ਹਿਆ ਸੀ, ਜਿਸ ਦਾ ਅਣਖੀ ਦੇ ਵਾਰਿਸਾਂ ਨੂੰ ਹਮੇਸ਼ਾ ਮਾਣ ਰਹੇਗਾ। ਉਨ੍ਹਾ ਕਿਹਾ ਕਿ ਵਿਛੋੜਾ ਦੇ ਗਏ ਹੋਰ ਆਗੂਆਂ ਵੱਲੋਂ ਜਥੇਬੰਦੀ ਦੇ ਆਗੂ ਹੁੰਦਿਆਂ ਮੁਲਾਜ਼ਮ ਲਹਿਰ ਲਈ ਪਾਏ ਵੱਡਮੁੱਲੇ ਯੋਗਦਾਨ ਨੂੰ ਯਾਦ ਰੱਖਦੇ ਹੋਏ ਅਣਖੀ ਦੀ ਜਥੇਬੰਦੀ ਅੱਜ ਵੀ ਬਿਜਲੀ ਕਾਮਿਆਂ ਦੀਆਂ ਮੰਗਾਂ/ ਮਸਲਿਆਂ ਲਈ, ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਅਦਾਰੇ ਦੀਆਂ ਬੇਸ਼ਕੀਮਤੀ ਜਾਇਦਾਦਾਂ ਵੇਚਣ ਖਿਲਾਫ਼ ਲੜੇ ਜਾ ਰਹੇ ਸੰਘਰਸ਼ ਵਿੱਚ ਅਗਵਾਨੂ ਰੋਲ ਨਿਭਾ ਰਹੀ ਹੈ। ਇਸ ਮੌਕੇ ਹੋਏ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਾਮਰੇਡ ਭਗਵਾਨ ਸਿੰਘ ਅਣਖੀ ਸਮੇਤ ਲਹਿਰਾਂ ਵਿੱਚ ਕੰਮ ਕਰਨ ਵਾਲੇ ਵਿਛੜੇ ਆਗੂਆਂ ਵੱਲੋਂ ਮਿਹਨਤਕਸ਼ ਜਮਾਤ ਦੀ ਬੰਦਖਿਲਾਸੀ ਲਈ ਆਪਣੇ ਸਮੇਂ ਵਿੱਚ ਕੀਤੇ ਸਿਰਤੋੜ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੂੰਜੀਪਤੀਆਂ ਦੇ ਹਿੱਤ ਪਾਲਣ ਲਈ ਇਕੋ ਨੀਤੀ ’ਤੇ ਚਲਦੇ ਹੋਏ ਮੁਲਾਜ਼ਮਾਂ/ ਮਜ਼ਦੂਰਾਂ ਸਮੇਤ ਸਮੁੱਚੇ ਮਿਹਨਤਕਸ਼ ਲੋਕਾਂ ਦੇ ਮਸਲਿਆਂ ਨੂੰ ਸੁਲਝਾਉਣ ਦੀ ਬਜਾਏ ਉਲਝਾਉਣ ਦੀ ਘਟੀਆ ਨੀਤੀ ਦੇ ਰਾਹ ਚੱਲ ਕੇ ਬਿਜਲੀ ਸੋਧ ਬਿੱਲ 2025 ਦੇ ਘਾਤਕ ਖਰੜੇ ਅਤੇ 29 ਕਿਰਤ ਕਾਨੂੰਨ ਖਤਮ ਕਰਕੇ ਚਾਰ ਲੇਬਰ ਕੋਡ ਲਾਗੂ ਕਰਨ ਦੇ ਮਾਮਲੇ ’ਤੇ ਸਮੁੱਚੀ ਮਿਹਨਤਕਸ਼ ਜਮਾਤ ਨਾਲ ਧਰੋਹ ਕਮਾ ਰਹੀਆਂ ਹਨ । ਇਨ੍ਹਾਂ ਲੋਕ-ਮਾਰੂ ਨੀਤੀਆਂ ਖਿਲਾਫ਼ ਸੰਘਰਸ਼ਸ਼ੀਲ ਲੋਕਾਂ ਨੂੰ ਵੱਡਾ ਏਕਾ ਉਸਾਰ ਕੇ ਸਰਮਾਏਦਾਰ ਪੱਖੀ ਹਾਕਮਾਂ ਵਿਰੁੱਧ ਅਵਾਜ਼ ਬੁਲੰਦ ਕਰਨ ਦੀ ਵੱਡੀ ਲੋੜ ਹੈ।
ਸਮਾਗਮ ਵਿੱਚ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੇ ਸਮੁੱਚੇ ਪਾਵਰ ਸੈਕਟਰ ਨੂੰ ਪੂੰਜੀਪਤੀਆਂ ਦੇ ਹਵਾਲੇ ਕਰਨ ਵਾਲੇ ਬਿਜਲੀ ਬਿੱਲ 2025 ਦੇ ਖਰੜੇ ਅਤੇ ਚਾਰ ਲੇਬਰ ਕੋਡਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹੋਏ ਮੋਦੀ ਸਰਕਾਰ ਦੇ ਹਿਟਲਰਸ਼ਾਹੀ ਰਵੱਈਏ ਦੀ ਜੋਰਦਾਰ ਨਿੰਦਾ ਕੀਤੀ।
ਸਮਾਗਮ ਨੂੰ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਦੇ ਸੂਬਾ ਪ੍ਰਧਾਨ ਰਾਧੇਸ਼ਿਆਮ ਨੇ ਮੰਗਾਂ ਦੀ ਪ੍ਰਾਪਤੀ ਲਈ ਸਾਰੇ ਸੰਘਰਸ਼ਸ਼ੀਲ ਲੋਕਾਂ ਦੀ ਏਕਤਾ ਉਸਾਰ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸਾਂਝੇ ਘੋਲ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਸਲਾਹਕਾਰ ਅਤੇ ਟਰੇਡ ਯੂਨੀਅਨ ਆਗੂ ਜਗਰੂਪ ਸਿੰਘ ਨੇ ਕਾਮਰੇਡ ਅਣਖੀ ਸਮੇਤ ਵਿਛੜੇ ਆਗੂਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪੂੰਜੀਪਤੀਆਂ ਦੀ ਦਲਾਲ ਮੋਦੀ ਸਰਕਾਰ ਦੇ ਸਮੇਂ ਅਡਾਨੀਆਂ/ ਅੰਬਾਨੀਆਂ ਦੀਆਂ ਦੌਲਤਾਂ ਦੇ ਅੰਬਾਰ ਵੱਡੇ ਹੋਣ ਦੇ ਮੁਕਾਬਲਤਨ ਮਿਹਨਤਕਸ਼ ਜਮਾਤ ਦੇ ਹਿੱਸੇ ਆ ਰਹੀ ਦੁਰਗਤ ਦੀ ਲੋਕ ਵਿਰੋਧੀ ਨੀਤੀ ਨੂੰ ਸਮਝ ਕੇ ਸਮੁੱਚੀ ਮਿਹਨਤਕਸ਼ ਜਮਾਤ ਨੂੰ ਸਿਧਾਂਤਕ ਅਤੇ ਸਿਰੜੀ ਸੰਘਰਸ ਜਾਰੀ ਰੱਖਣ ਲਈ ਕਮਰਕੱਸੇ ਕਰਕੇ ਹਾਕਮਾਂ ਦੇ ਦੰਦ ਖੱਟੇ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾ ਕਿਹਾ ਕਿ ਦੇਸ਼ ਦੇ ਹਾਕਮ ਪੂੰਜੀਪਤੀਆਂ ਦੇ ਹਿੱਤ ਪਾਲਣ ਲਈ ਕੰਮ ਦਿਹਾੜੀ ਵੱਡੀ ਕਰਨ ਦੇ ਕਾਨੂੰਨ ਪਾਸ ਕਰਕੇ ਕਿਰਤੀ ਵਰਗ ਦੀ ਆਰਥਕ ਲੁੱਟ ਦਾ ਰਾਹ ਪੱਧਰਾ ਕਰ ਰਹੇ ਹਨ।
ਪੈਨਸ਼ਨਰਜ਼ ਯੂਨੀਅਨ ਏਟਕ ਦੇ ਜਨਰਲ ਸਕੱਤਰ ਅਮਰੀਕ ਸਿੰਘ ਮਸੀਤਾਂ , ਵਰਕਿੰਗ ਜਨਰਲ ਸਕੱਤਰ ਨਰਿੰਦਰ ਕੁਮਾਰ ਬੱਲ ਨੇ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਰਵੱਈਏ ਦੀ ਤਿੱਖੀ ਨੁਕਤਾਚੀਨੀ ਕਰਦੇ ਹੋਏ ਮਾਨ ਸਰਕਾਰ ਕੋਲੋਂ 16 ਪ੍ਰਤੀਸ਼ਤ ਮਹਿੰਗਾਈ ਭੱਤਾ ਤੁਰੰਤ ਜਾਰੀ ਕਰਨ ਸਮੇਤ ਪੈਨਸ਼ਨਰਾਂ ਦੀ ਪੈਨਸ਼ਨ 2.59 ਗੁਣਾਂਕ ਨਾਲ ਸੋਧੇ ਜਾਣ ਦੀ ਮੰਗ ਕੀਤੀ ।
ਜਥੇਬੰਦੀ ਦੇ ਸੂਬਾਈ ਆਗੂਆਂ ਬਲਜੀਤ ਕੁਮਾਰ ਧੀਮਾਨ, ਬਲਵਿੰਦਰ ਸਿੰਘ ਉਦੀਪੁਰ, ਪ੍ਰਦਿਉਮਨ ਗੌਤਮ, ਗੁਰਧਿਆਨ ਸਿੰਘ , ਕਰਤਾਰ ਸਿੰਘ, ਮਨਜੀਤ ਸਿੰਘ ਬਾਸਰਕੇ, ਦਰਸ਼ਨ ਲਾਲ, ਰਛਪਾਲ ਸਿੰਘ ਪਾਲੀ, ਦਵਿੰਦਰ ਸਿੰਘ ਰੋਪੜ ਤੋਂ ਇਲਾਵਾ ਸਾਂਝੇ ਫੋਰਮ ਦੇ ਸਕੱਤਰ ਹਰਪਾਲ ਸਿੰਘ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਸੂਬਾ ਜਨਰਲ ਸਕੱਤਰ ਇੰਜੀ. ਹਰਮਨਦੀਪ ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਸੂਬਾ ਆਗੂ ਮਹਿੰਦਰ ਸਿੰਘ ਲਹਿਰਾ, ਪੰਜਾਬ ਏਟਕ ਦੇ ਸਕੱਤਰ ਨਰਿੰਦਰ ਸੈਣੀ ਅਤੇ ਰਾਜ ਕੁਮਾਰ ਤਿਵਾੜੀ, ਪੈਨਸ਼ਨਰ ਯੂਨੀਅਨ ਦੇ ਆਗੂ ਕੇਵਲ ਸਿੰਘ ਬਨਵੈਤ, ਸੁਖਜੰਟ ਸਿੰਘ, ਰਾਮ ਗੋਪਾਲ ਆਦਿ ਨੇ ਭਗਵਾਨ ਸਿੰਘ ਅਣਖੀ ਅਤੇ ਵਿਛੜੇ ਆਗੂਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸਿਰੜੀ ਆਗੂਆਂ ਦੇ ਪਾਏ ਪੂਰਨਿਆਂ ’ਤੇ ਚੱਲ ਕੇ ਸਾਂਝੇ ਸੰਘਰਸ਼ਾਂ ਰਾਹੀਂ ਚੁਣੌਤੀਆਂ ਦਾ ਮੂੰਹ-ਤੋੜ ਜਵਾਬ ਦੇਣ ’ਤੇ ਜ਼ੋਰ ਦਿੱਤਾ। ਸਮਾਗਮ ਸਮੇਂ ਵੱਖ-ਵੱਖ ਮੁੱਦਿਆਂ ਨੂੰ ਉਭਾਰ ਦੇ ਪੰਜ ਮਤੇ ਵੀ ਪੇਸ਼ ਕੀਤੇ, ਜਿਨਾਂ ਨੂੰ ਹਾਜ਼ਰੀਨ ਨੇ ਨਾਅਰਿਆਂ ਦੀ ਗੂੰਜ ਵਿੱਚ ਹੱਥ ਖੜੇ ਕਰਕੇ ਪਾਸ ਕੀਤਾ। ਇਸ ਮੌਕੇ ਹਰੇਕ ਸਾਲ ਦੀ ਤਰ੍ਹਾਂ ਕਾਮਰੇਡ ਅਣਖੀ ਦੀ ਯਾਦ ਨੂੰ ਸਮਰਪਤ ਸਪੈਸ਼ਲ ‘ਬਿਜਲੀ ਉਜਾਲਾ’ ਅੰਕ ਅਤੇ ‘ਨਵਾਂ ਜ਼ਮਾਨਾ’ ਦਾ ਵਿਸ਼ੇਸ਼ ਅੰਕ ਵੀ ਰਿਲੀਜ਼ ਕੀਤਾ। ਸਮਾਗਮ ਵਿੱਚ ਹਾਜ਼ਰ ਕਾਮਰੇਡ ਅਣਖੀ ਅਤੇ ਹੋਰ ਵਿਛੜ ਗਏ ਆਗੂਆਂ ਦੇ ਪਰਵਾਰਕ ਮੈਂਬਰਾਂ ਨੂੰ ਹਰੇਕ ਸਾਲ ਦੀ ਤਰ੍ਹਾਂ ਦੁਸ਼ਾਲੇ ਦੇ ਕੇ ਸਨਮਾਨਤ ਕੀਤਾ ਗਿਆ। ਸਮਾਗਮ ਦੀ ਸਮਾਪਤੀ ਉਪਰੰਤ ਪੰਜਾਬ ਦੇ ਕੋਨੇ-ਕੋਨੇ ਤਂੋ ਸੈਂਕੜਿਆਂ ਦੀ ਗਿਣਤੀ ਵਿੱਚ ਆਏ ਵਰਕਰਾਂ ਅਤੇ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਬਿਜਲੀ ਨਿਗਮ ਦੀਆਂ ਜਾਇਦਾਦਾਂ ਵੇਚਣ , ਬਿਜਲੀ ਸੋਧ ਬਿੱਲ 2025 ਦੇ ਘਾਤਕ ਖਰੜੇ, ਦੇਸ਼ ਵਿੱਚ ਮੁਲਾਜ਼ਮ/ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਲਾਗੂ ਕਰਨ ਖਿਲਾਫ਼ ਪਾਵਰਕਾਮ ਦੇ ਮੁੱਖ ਦਫਤਰ ਤੱਕ ਹੱਥਾਂ ਵਿੱਚ ਲਾਲ ਝੰਡੇ ਅਤੇ ਮਾਟੋ ਫੜ ਕੇ ਹਾਕਮਾਂ ਵੱਲੋਂ ਮੁਲਾਜ਼ਮ ਅਤੇ ਮਜ਼ਦੂਰ ਵਿਰੋਧੀ ਕੀਤੇ ਫੈਸਲਿਆਂ ਦੇ ਸਲੋਗਨ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਸਮੇਤ ਪਾਵਰਕਾਮ ਮੈਨੇਜਮੈਂਟ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਲੰਮਾ ਪੈਂਡਾ ਤਹਿ ਕਰਦੇ ਹੋਏ ਰੋਸ ਮਾਰਚ ਕਰਕੇ ਪਾਵਰਕਾਮ ਦੇ ਮੁੱਖ ਦਫ਼ਤਰ ਦੇ ਗੇਟ ’ਤੇ ਬਿਜਲੀ ਸੋਧ ਬਿੱਲ 2025 ਅਤੇ ਚਾਰੇ ਲੇਬਰ ਕੋਡਾਂ ਦੀਆਂ ਕਾਪੀਆਂ ਫੂਕ ਕੇ ਜਾਇਦਾਦਾਂ ਵੇਚਣ ਵਿਰੁੱਧ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ । ਜਿਥੇ ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਲੋਕ-ਮਾਰੂ ਨੀਤੀਆਂ ਬੰਦ ਕਰਨ ਦੀ ਤਾੜਨਾ ਕੀਤੀ।
ਸਮਾਗਮ ਸਮੇਂ ਸੁਚੱਜੇ ਪ੍ਰਬੰਧਾਂ ਲਈ ਰਛਪਾਲ ਸਿੰਘ ਪਾਲੀ, ਰਾਜਿੰਦਰ ਸਿੰਘ ਰਾਜਪੁਰਾ, ਸੰਤੋਖ ਸਿੰਘ ਬੋਪਾਰਾਏ, ਜਗਤਾਰ ਸਿੰਘ ਐੱਸ ਡੀ ਓ, ਨਾਜਰ ਸਿੰਘ ਰਾਜਪੁਰਾ ਅਤੇ ਬਲਵੀਰ ਸਿੰਘ ਰਾਜਪੁਰਾ ਦੀ ਅਗਵਾਈ ਹੇਠ ਕੰਮ ਕਰਨ ਵਾਲੀ ਸਮੁੱਚੀ ਟੀਮ ਅਤੇ ਅਣਖੀ ਭਵਨ ਦੀ ਮੁਰੰਮਤ ਕਰਨ ਲਈ ਵੱਡੀ ਸਹਾਇਤਾ ਭੇਜਣ ਵਾਲੇ ਸਾਥੀਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸੂਬਾ ਜਨਰਲ ਸਕੱਤਰ ਸਰਿੰਦਰਪਾਲ ਸਿੰਘ ਲਹੌਰੀਆ ਨੇ ਬਾਖੂਬੀ ਨਿਭਾਈ।





