ਚੰਡੀਗੜ੍ਹ : ਭਾਸ਼ਾ ਵਿਭਾਗ ਵੱਲੋਂ ਸਾਲ 2023 ਦੇ ਇਸ਼ਤਿਹਾਰ ਤਹਿਤ ਕੀਤੀ 22 ਖੋਜ ਸਹਾਇਕਾਂ ਦੀ ਭਰਤੀ ਨੂੰ ਅਧੀਨ ਸੇਵਾਵਾਂ ਚੋਣ ਬੋਰਡ ਨੇ ਰੱਦ ਕਰ ਦਿੱਤਾ ਹੈ। ਚੋਣ ਬੋਰਡ ਨੇ ਆਪਣੀ ਵੈੱਬਸਾਈਟ ਉਪਰ ਜਨਤਕ ਸੂਚਨਾ ਜਾਰੀ ਕਰਦੇ ਹੋਏ ਲਿਖਿਆ ਹੈ ਕਿ ਉਕਤ ਖੋਜ ਸਹਾਇਕਾਂ ਦੀ ਭਰਤੀ ਲਈ ਚਾਲੂ ਪ੍ਰਕਿਰਿਆ ਨੂੰ ਕਾਨੂੰਨੀ ਅਤੇ ਪ੍ਰਬੰਧਕੀ ਕਾਰਨਾਂ ਕਰਕੇ ਤੁਰੰਤ ਖਾਰਜ ਕੀਤਾ ਜਾਂਦਾ ਹੈ।
ਇਸ ਦੇ ਨਾਲ ਹੀ 2023 ਦੇ ਇਸ਼ਤਿਹਾਰ ਨੰ. 5 ਅਧੀਨ ਭਾਸ਼ਾ ਵਿਭਾਗ ਦੇ ਖੋਜ ਸਹਾਇਕਾਂ ਦੀਆਂ 42 ਅਸਾਮੀਆਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਚੋਣ ਬੋਰਡ ਦੇ ਮੈਂਬਰ ਗੂੰਜਣ ਚੱਢਾ ਨੇ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਕੁਝ ਨਿਯਮਾਂ ਦੀ ਅਣਦੇਖੀ ਕੀਤੀ ਗਈ ਸੀ ਤੇ ਅੱਗੇ ਚੱਲ ਕੇ ਕਾਨੂੰਨੀ ਅੜਿੱਕਿਆਂ ਦੀ ਸੰਭਾਵਨਾ ਦੇ ਮੱਦੇਨਜ਼ਰ ਤੇ ਸਾਰੇ ਉਮੀਦਵਾਰਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਭਰਤੀ ਰੱਦ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਇਸ ਭਰਤੀ ਬਾਬਤ ਮੁੜ ਤੋਂ ਇਸ਼ਤਿਹਾਰ ਜਾਰੀ ਹੋਵੇਗਾ ਤੇ ਉਦੋਂ ਪਹਿਲਾਂ ਫਾਰਮ ਭਰ ਚੁੱਕੇ ਉਮੀਦਵਾਰਾਂ ਬਾਰੇ ਵੀ ਵਿਚਾਰ ਕੀਤਾ ਜਾਵੇਗਾ।




