ਸਿਹਰਾ ਲੈਣ ਲਈ ਬਦਲਿਆ ਜਾ ਰਿਹੈ ਮਨਰੇਗਾ ਦਾ ਨਾਂਅ : ਕਾਂਗਰਸ

0
21

ਨਵੀਂ ਦਿੱਲੀ : ਕੈਬਨਿਟ ਵੱਲੋਂ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲਾਇਮੈਂਟ ਗਾਰੰਟੀ ਐਕਟ (ਮਨਰੇਗਾ) ਦਾ ਨਾਂਅ ਬਦਲਣ ਲਈ ਇੱਕ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਕਾਂਗਰਸ ਨੇ ਸਨਿੱਚਰਵਾਰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਕ੍ਰਾਂਤੀਕਾਰੀ ਯੋਜਨਾ ਦਾ ਸਿਹਰਾ ਲੈਣ ਲਈ ਅਜਿਹਾ ਕਰ ਰਹੇ ਹਨ ਅਤੇ ਇਹ ਕਦਮ ‘ਇਸ ਯੋਜਨਾ ਪ੍ਰਤੀ ਕੀਤੀ ਜਾ ਰਹੀ ਜਾਣਬੁੱਝ ਕੇ ਅਣਗਹਿਲੀ ਨੂੰ ਢੱਕਣ ਲਈ ਸਿਰਫ਼ ਇੱਕ ਬਾਹਰੀ ਬਦਲਾਅ ਹੈ।’ ਸੂਤਰਾਂ ਅਨੁਸਾਰ ਕੇਂਦਰੀ ਕੈਬਨਿਟ ਨੇ ਸ਼ੁੱਕਰਵਾਰ ਮਨਰੇਗਾ ਦਾ ਨਾਂਅ ਬਦਲਣ ਅਤੇ ਕੰਮ ਦੇ ਦਿਨਾਂ ਦੀ ਗਿਣਤੀ ਵਧਾਉਣ ਲਈ ਇੱਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਅਨੁਸਾਰ ਇਸ ਯੋਜਨਾ ਦਾ ਨਾਂਅ ਹੁਣ ‘ਪੂਜਯ ਬਾਪੂ ਗ੍ਰਾਮੀਣ ਰੋਜ਼ਗਾਰ ਯੋਜਨਾ’ ਰੱਖਿਆ ਜਾਵੇਗਾ ਅਤੇ ਇਸ ਦੇ ਤਹਿਤ ਕੰਮ ਦੇ ਦਿਨਾਂ ਦੀ ਗਿਣਤੀ ਮੌਜੂਦਾ 100 ਦਿਨਾਂ ਤੋਂ ਵਧਾ ਕੇ 125 ਦਿਨ ਕਰ ਦਿੱਤੀ ਜਾਵੇਗੀ। ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ (ਸੰਗਠਨ) ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ, ਜਿਨ੍ਹਾ ਇੱਕ ਵਾਰ ਮਨਰੇਗਾ ਨੂੰ ‘ਅਸਫਲਤਾ ਦੀ ਯਾਦਗਾਰ’ ਕਿਹਾ ਸੀ, ਹੁਣ ਇਸ ਕ੍ਰਾਂਤੀਕਾਰੀ ਯੋਜਨਾ ਦਾ ਸਿਹਰਾ ਲੈਣ ਲਈ ਇਸ ਦਾ ਨਾਂਅ ਬਦਲ ਰਹੇ ਹਨ। ਉਨ੍ਹਾ ਦੋਸ਼ ਲਾਇਆਇਹ ਸਾਡੀ ਰਾਸ਼ਟਰੀ ਮਾਨਸਿਕਤਾ ਵਿੱਚੋਂ ਮਹਾਤਮਾ ਗਾਂਧੀ ਨੂੰ ਮਿਟਾਉਣ ਦਾ ਇੱਕ ਹੋਰ ਤਰੀਕਾ ਹੈ, ਖਾਸ ਕਰਕੇ ਪਿੰਡਾਂ ਵਿੱਚੋਂ, ਜਿੱਥੇ ਉਨ੍ਹਾਂ (ਗਾਂਧੀ) ਦੇ ਅਨੁਸਾਰ ਭਾਰਤ ਦੀ ਆਤਮਾ ਵੱਸਦੀ ਹੈ। ਉਨ੍ਹਾ ਕਿਹਾ ਕਿ ਮਨਰੇਗਾ ਵਰਕਰ ਉੱਚ ਮਜ਼ਦੂਰੀ ਦੀ ਮੰਗ ਕਰ ਰਹੇ ਹਨ, ਪਰ ਕੇਂਦਰ ਸਾਲ ਦਰ ਸਾਲ ਇਸ ਯੋਜਨਾ ਲਈ ਅਲਾਟ ਕੀਤੇ ਫੰਡਾਂ ਨੂੰ ਘਟਾ ਰਿਹਾ ਹੈ।