ਮਹਾਰਾਜਾ ਰਣਜੀਤ ਸਿੰਘ ਸੰਸਥਾ ਦੇ 5 ਵਿਦਿਆਰਥੀ ਭਾਰਤੀ ਫੌਜ ’ਚ ਸ਼ਾਮਲ

0
10

ਚੰਡੀਗੜ੍ਹ (ਗੁਰਜੀਤ ਬਿੱਲਾ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਦੇਸ਼ ਲਈ ਬਹਾਦਰ ਸੈਨਿਕ ਪੈਦਾ ਕਰਨ ਦੀ ਪੰਜਾਬ ਦੀ ਸ਼ਾਨਦਾਰ ਪਰੰਪਰਾ ਨੂੰ ਅੱਗੇ ਵਧਾਉਦਿਆਂ ਮੁਹਾਲੀ ਸਥਿਤ ਵੱਕਾਰੀ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐੱਮ ਆਰ ਐੱਸ ਏ ਐੱਫ ਪੀ ਆਈ) ਦੇ ਪੰਜ ਸਾਬਕਾ ਵਿਦਿਆਰਥੀਆਂ ਨੂੰ ਸ਼ਨੀਵਾਰ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਅਧਿਕਾਰੀਆਂ ਵਜੋਂ ਸ਼ਾਮਲ ਕੀਤਾ ਗਿਆ ਹੈ।ਇੰਡੀਅਨ ਮਿਲਟਰੀ ਅਕੈਡਮੀ (ਆਈ ਐੱਮ ਏ), ਦੇਹਰਾਦੂਨ ਵਿਖੇ 157ਵੇਂ ਰੈਗੂਲਰ ਕੋਰਸ ਦੀ ਪਾਸਿੰਗ ਆਊਟ ਪਰੇਡ, ਜਿਸ ਦੀ ਸਮੀਖਿਆ ਜਨਰਲ ਉਪੇਂਦਰ ਦਿਵੇਦੀ, ਪੀ ਵੀ ਐੱਸ ਐੱਮ, ਏ ਵੀ ਐੱਸ ਐੱਮ, ਚੀਫ ਆਫ ਆਰਮੀ ਸਟਾਫ ਵੱਲੋਂ ਕੀਤੀ ਗਈ, ਦੌਰਾਨ ਚਾਰ ਕੈਡਿਟਾਂ ਨੂੰ ਭਾਰਤੀ ਫੌਜ ਵਿੱਚ ਸ਼ਾਮਲ ਕੀਤਾ ਗਿਆ ਹੈ।ਭਾਰਤੀ ਫੌਜ ਵਿੱਚ ਸ਼ਾਮਲ ਹੋਣ ਵਾਲੇ ਕੈਡਿਟਾਂ ਵਿੱਚ ਗੁਰਕੀਰਤ ਸਿੰਘ (ਅੰਮਿ੍ਰਤਸਰ), ਜਿਸ ਦੇ ਪਿਤਾ ਕਾਰਪਸ ਆਫ਼ ਇੰਜੀਨੀਅਰਜ਼ ਦੇ ਸਾਬਕਾ ਸੈਨਿਕ ਹਨ, ਬਰਜਿੰਦਰ ਸਿੰਘ (ਗੁਰਦਾਸਪੁਰ), ਜਿਸ ਦੇ ਪਿਤਾ ਸਕੂਲ ਪਿ੍ਰੰਸੀਪਲ ਅਤੇ ਮਾਤਾ ਪੀ ਐੱਸ ਪੀ ਸੀ ਐੱਲ ਸੁਪਰਡੈਂਟ ਹਨ, ਸੁਖਦੇਵ ਸਿੰਘ ਗਿੱਲ (ਗੁਰਦਾਸਪੁਰ), ਜਿਸ ਦੇ ਪਿਤਾ ਸੇਵਾ-ਮੁਕਤ ਪੀ ਐੱਸ ਪੀ ਸੀ ਐੱਲ ਜੇ ਈ ਹਨ ਅਤੇ ਵਿਨਾਇਕ ਸ਼ਰਮਾ (ਪਠਾਨਕੋਟ) ਜਿਸ ਦੇ ਮਾਤਾ-ਪਿਤਾ ਪ੍ਰਾਈਵੇਟ ਸੈਕਟਰ ਵਿੱਚ ਸੇਵਾਵਾਂ ਨਿਭਾ ਰਹੇ ਹਨ, ਸ਼ਾਮਲ ਹਨ।ਇੱਕ ਹੋਰ ਕੈਡੇਟ, ਕੁਸ਼ ਪਾਂਡਿਆ (ਲੁਧਿਆਣਾ), ਨੂੰ ਹੈਦਰਾਬਾਦ ਦੇ ਢੰਡੋਗਲ ਸਥਿਤ ਏਅਰ ਫੋਰਸ ਅਕੈਡਮੀ (ਏ ਐੱਫ ਏ) ਵਿਖੇ 216ਵੇਂ ਕੋਰਸ ਤੋਂ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਸ਼ਾਮਲ ਕੀਤਾ ਗਿਆ। ਇਸ ਪਰੇਡ ਦਾ ਨਿਰੀਖਣ ਜਨਰਲ ਅਨਿਲ ਚੌਹਾਨ, ਪੀ ਵੀ ਐੱਸ ਐੱਮ, ਯੂ ਵਾਈ ਐੱਸ ਐੱਮ, ਏ ਵੀ ਐੱਸ ਐੱਮ, ਐੱਸ ਐੱਮ, ਵੀ ਐੱਸ ਐੱਮ ਚੀਫ਼ ਆਫ਼ ਡਿਫੈਂਸ ਸਟਾਫ ਵੱਲੋਂ ਕੀਤਾ ਗਿਆ। ਕੁਸ਼ ਭਾਰਤੀ ਸੈਨਾਵਾਂ ਵਿੱਚ ਵਿਲੱਖਣ ਸੇਵਾਵਾਂ ਨਿਭਾਉਣ ਵਾਲੇ ਪਰਵਾਰ ਨਾਲ ਸੰਬੰਧਤ ਹੈ। ਉਸ ਦੇ ਪਿਤਾ ਇੱਕ ਸੇਵਾ-ਮੁਕਤ ਆਈ ਏ ਐੱਫ ਗਰੁੱਪ ਕੈਪਟਨ ਹਨ ਅਤੇ ਉਸ ਦੀ ਮਾਂ ਆਰਮੀ ਮੈਡੀਕਲ ਕਾਰਪਸ ਵਿੱਚ ਇੱਕ ਸੇਵਾਮੁਕਤ ਲੈਫਟੀਨੈਂਟ ਕਰਨਲ ਹਨ।ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਐੱਮ ਆਰ ਐਸ ਏ ਐੱਫ ਪੀ ਆਈ ਦੇ ਸਾਬਕਾ ਕੈਡਿਟਾਂ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ’ਤੇ ਹਾਰਦਿਕ ਵਧਾਈ ਦਿੱਤੀ। ਉਨ੍ਹਾ ਕੈਡਿਟਾਂ ਨੂੰ ਅਧਿਕਾਰੀਆਂ ਵਜੋਂ ਆਪਣੇ ਕੈਰੀਅਰ ਵਿੱਚ ਹੋਰ ਵੀ ਸਖ਼ਤ ਮਿਹਨਤ ਕਰਨ ਅਤੇ ਪੰਜਾਬ ਦਾ ਸਿਰ ਹੋਰ ਉੱਚਾ ਕਰਨ ਲਈ ਕਿਹਾ। ਉਨ੍ਹਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਅਣਥੱਕ ਮਿਹਨਤ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਹਥਿਆਰਬੰਦ ਸੈਨਾਵਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਉਤਮਤਾ ਪ੍ਰਾਪਤ ਕਰਨ ਦੇ ਮੌਕੇ ਪ੍ਰਦਾਨ ਕਰ ਰਹੀ ਹੈ।ਮਹਾਰਾਜਾ ਰਣਜੀਤ ਸਿੰਘ ਏ ਐੱਫ ਪੀ ਆਈ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐੱਚ ਚੌਹਾਨ ਵੀ ਐੱਸ ਐੱਮ (ਸੇਵਾ-ਮੁਕਤ) ਨੇ ਸਾਬਕਾ ਕੈਡਿਟਾਂ ਨੂੰ ਉਨ੍ਹਾਂ ਦੀ ਨਿਯੁਕਤੀ ਲਈ ਵਧਾਈ ਦਿੱਤੀ ਹੈ। ਹੁਣ ਤੱਕ ਐੱਮ ਆਰ ਐੱਸ ਏ ਐੱਫ ਪੀ ਆਈ ਦੇ ਕੁੱਲ 186 ਕੈਡਿਟਾਂ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਕੀਤਾ ਜਾ ਚੁੱਕਾ ਹੈ।