ਮੁੱਖ ਮੰਤਰੀ ਤੋਂ ਸੁਰੱਖਿਆ ਮੰਗੀ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਅੱਤਲ ਕਾਂਗਰਸੀ ਆਗੂ ਨਵਜੋਤ ਕੌਰ ਸਿੱਧੂ ਦੀ ਸਖ਼ਤ ਆਲੋਚਨਾ ਕਰਨ ਤੋਂ ਬਾਅਦ ਪੰਜਾਬ ਵਿੱਚ ਸਿਆਸੀ ਤੂਫਾਨ ਖੜ੍ਹਾ ਹੋ ਗਿਆ ਹੈ। ਕੈਪਟਨ ਨੇ ‘ਪੰਜਾਬ ਵਿੱਚ ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ’ ਦੇ ਨਵਜੋਤ ਕੌਰ ਸਿੱਧੂ ਦੇ ਦਾਅਵੇ ਨੂੰ ‘ਪੂਰੀ ਤਰ੍ਹਾਂ ਝੂਠ’ ਦੱਸਿਆ। ਕੈਪਟਨ ਨੇ ਮੀਡੀਆ ਨਾਲ ਇੱਕ ਇੰਟਰਵਿਊ ਵਿੱਚ ਸਿੱਧੂ ਦੰਪਤੀ ਨੂੰ ‘ਅਸਥਿਰ’ ਦੱਸਿਆ। ਅਮਰਿੰਦਰ ਸਿੰਘ ਨੇ ਕਿਹਾ, ‘ਉਹ (ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ) ਜੋੜਾ ਅਸਥਿਰ ਹੈ। ਨਵਜੋਤ ਸਿੱਧੂ ਮੇਰਾ ਮੰਤਰੀ ਸੀ। ਦੋ ਵਿਭਾਗ ਦਿੱਤੇ ਜਾਣ ਦੇ ਬਾਵਜੂਦ ਉਹ ਲਗਾਤਾਰ ਸ਼ਿਕਾਇਤ ਕਰਦਾ ਰਿਹਾ। ਮੈਂ ਉਸ ਨੂੰ ਬਿਜਲੀ ਵਿਭਾਗ ਵੀ ਦਿੱਤਾ, ਪਰ ਉਸ ਨੇ ਅਸਤੀਫਾ ਦੇ ਦਿੱਤਾ ਅਤੇ ਮਹੀਨਿਆਂ ਤੋਂ ਫਾਈਲਾਂ ਪੈਂਡਿੰਗ ਛੱਡ ਦਿੱਤੀਆਂ। ਉਹ ਇਸ ਕੰਮ ਲਈ ਯੋਗ ਨਹੀਂ ਸੀ।’
ਨਵਜੋਤ ਕੌਰ ਸਿੱਧੂ ਨੇ ਕੈਪਟਨ ਦੇ ਇਸ ਬਿਆਨ ਬਾਰੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸਾਬਕਾ ਮੰਤਰੀ ਨੇ ਐੱਕਸ ’ਤੇ ਇਕ ਪੋਸਟ ਵਿਚ ਅਮਰਿੰਦਰ ਸਿੰਘ ਦੇ ਰਿਕਾਰਡ ’ਤੇ ਸਵਾਲ ਉਠਾਉਂਦੇ ਹੋਏ ਪੁੱਛਿਆ, ‘ਹੁਣ ਕੌਣ ਮਾਨਸਿਕ ਤੌਰ ’ਤੇ ਅਸਥਿਰ ਹੈ ਅਤੇ ਉਸ ਨੂੰ ਗੰਭੀਰ ਦੇਖਭਾਲ ਦੀ ਲੋੜ ਹੈ? ’ ਕੌਰ ਨੇ ਪੰਜਾਬ ਦੇ ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਕੇ ਬੀ ਐੱਸ ਸਿੱਧੂ ਦੀ ਇੱਕ ਪੋਸਟ ਦੇ ਹਵਾਲੇ ਨਾਲ ਕੈਪਟਨ ਨੂੰ ਘੇਰਿਆ। ਇਸ ਪੋਸਟ ਜਿਸ ਵਿੱਚ ਲਿਖਿਆ ਸੀ : ‘‘ਹੁਣੇ ਕੈਪਟਨ ਅਮਰਿੰਦਰ ਸਿੰਘ ਦਾ ਇੰਟਰਵਿਊ ਦੇਖਿਆ ਅਤੇ ਇਸ ਨੂੰ ਆਪਣੇ ਨਵੇਂ ਲੇਖ, ‘ਇੱਕ ਅਸੰਤੁਸ਼ਟ ਅਤੇ ਨਿਰਾਸ਼ ਕੈਪਟਨ ਦੀ ਨਿਰਾਸ਼ਾ ਅਤੇ ਪੰਜਾਬ ਦੇ ਅੱਗੇ ਵਧਣ ਦੀ ਲੋੜ’ ਦੇ ਪਰਿਪੇਖ ਵਿੱਚ ਰੱਖਿਆ ਹੈ। ਇਸ ਤੋਂ ਪਹਿਲਾਂ ਕਿ ਉਹ ਭਾਜਪਾ-ਅਕਾਲੀ ਦਲ ਗੱਠਜੋੜ ਦੀ ਗੱਲ ਕਰੇ, ਉਹ ਭਾਜਪਾ ਦੇ ਕੇਂਦਰੀਕਿ੍ਰਤ, ਗੈਰ-ਸਲਾਹਕਾਰ ਸੱਭਿਆਚਾਰ ਦੀ ਆਲੋਚਨਾ ਕਰਦਾ ਹੈ, ਕਾਂਗਰਸ ਦੀ ਸਲਾਹ-ਮਸ਼ਵਰੇ ਦੀ ਯਾਦ ਦਿਵਾਉਂਦਾ ਹੈ, ਅਕਾਲੀਆਂ ਨੂੰ ਸੰਕੁਚਿਤ ਕਹਿੰਦਾ ਹੈ ਅਤੇ ‘ਆਪ’ ਦੀ ਪੰਜਾਬ ਸਰਕਾਰ ਨੂੰ ਦਿੱਲੀ ਦਾ ‘ਰਿਮੋਟ ਕੰਟਰੋਲ’ ਪ੍ਰੋਜੈਕਟ ਦੱਸਦਾ ਹੈ।’’
ਮੁੱਖ ਮੰਤਰੀ ਤੋਂ ਸੁਰੱਖਿਆ ਮੰਗੀ
ਚੰਡੀਗੜ੍ਹ : ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਵਾਲੇ ਬਿਆਨ ਨਾਲ ਖੜ੍ਹੇ ਹੋਏ ਵਿਵਾਦ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸੁਰੱਖਿਆ ਕਵਰ ਦੀ ਮੰਗ ਕੀਤੀ ਹੈ। ਕੌਰ ਨੇ ਮੁੱਖ ਮੰਤਰੀ ਦੀ ਚੁੱਪੀ ’ਤੇ ਵੀ ਸਵਾਲ ਚੁੱਕਿਆ ਕਿ ਜੋ ਮੁੱਦੇ ਉਨ੍ਹਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਕੋਲ ਉਠਾਏ ਸਨ, ਉਨ੍ਹਾਂ ਦਾ ਕੋਈ ਜਵਾਬ ਕਿਉਂ ਨਹੀਂ ਦਿੱਤਾ ਗਿਆ ਅਤੇ ਮੁੱਖ ਮੰਤਰੀ ’ਤੇ ‘ਸ਼ਰਾਬ ਅਤੇ ਮਾਈਨਿੰਗ ਮਾਫੀਆ ਨੂੰ ਸਹੂਲਤ ਦੇਣ’ ਦਾ ਦੋਸ਼ ਲਗਾਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਨਵਜੋਤ ਕੌਰ ਸਿੱਧੂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ। ਉਨ੍ਹਾ ਕਿਹਾ ਕਿ ਪਹਿਲਾਂ ਪੁੱਠੇ-ਸਿੱਧੇ ਬਿਆਨ ਦਵੋ ਅਤੇ ਫਿਰ ਸੁਰੱਖਿਆ ਮੰਗਣ ਲੱਗ ਜਾਵੋ। ਉਨ੍ਹਾ ਕਿਹਾ ਕਿ ਨਵਜੋਤ ਕੌਰ ਸਿੱਧੂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਵਿੱਚ ਮੁੱਖ ਮੰਤਰੀ ਅਤੇ ਮੰਤਰੀਆਂ ਦੀਆਂ ਕੁਰਸੀਆਂ ਦੀ ਕੀਮਤ ਲੱਗਦੀ ਹੈ ਅਤੇ ਪਹਿਲਾਂ ਵੀ ਮੁੱਖ ਮੰਤਰੀ ਕੀਮਤ ਅਦਾ ਕਰਕੇ ਹੀ ਕੁਰਸੀ ਲੈਂਦੇ ਰਹੇ ਹਨ।





