ਦੁਬਈ : ਈਰਾਨ ਨੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੂੰ ਗਿ੍ਰਫਤਾਰ ਕਰ ਲਿਆ ਹੈ। ਉਨ੍ਹਾ ਦੇ ਸਮਰਥਕਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਨਰਗਿਸ ਦੇ ਨਾਂਅ ’ਤੇ ਬਣੀ ਇੱਕ ਫਾਊਂਡੇਸ਼ਨ ਨੇ ਕਿਹਾ ਕਿ ਉਨ੍ਹਾ ਨੂੰ ਰਾਜਧਾਨੀ ਤਹਿਰਾਨ ਤੋਂ ਲਗਭਗ 680 ਕਿਲੋਮੀਟਰ ਉਤਰ-ਪੂਰਬ ਵਿੱਚ ਮਸ਼ਹਦ ਵਿਖੇ ਹਿਰਾਸਤ ਵਿੱਚ ਲਿਆ ਗਿਆ, ਜਦੋਂ ਉਹ ਇੱਕ ਮਨੁੱਖੀ ਅਧਿਕਾਰ ਵਕੀਲ ਦੀ ਸ਼ੋਕ ਸਭਾ ਵਿੱਚ ਸ਼ਾਮਲ ਹੋ ਰਹੀ ਸੀ, ਜੋ ਹਾਲ ਹੀ ਵਿੱਚ ਅਸਪੱਸ਼ਟ ਹਾਲਾਤ ਵਿੱਚ ਮਿ੍ਰਤਕ ਪਾਇਆ ਗਿਆ ਸੀ। ਇੱਕ ਸਥਾਨਕ ਅਧਿਕਾਰੀ ਨੇ ਗਿ੍ਰਫਤਾਰੀ ਦੀ ਪੁਸ਼ਟੀ ਕੀਤੀ ਹੈ, ਪਰ ਮੁਹੰਮਦੀ (53) ਦਾ ਸਿੱਧਾ ਨਾਂਅ ਨਹੀਂ ਲਿਆ। ਉਨ੍ਹਾ ਦੀ ਹਿਰਾਸਤ ਅਜਿਹੇ ਸਮੇਂ ਹੋਈ ਹੈ, ਜਦੋਂ ਈਰਾਨ ਬੁੱਧੀਜੀਵੀਆਂ ਅਤੇ ਹੋਰਨਾਂ ’ਤੇ ਸਖ਼ਤੀ ਕਰ ਰਿਹਾ ਹੈ, ਕਿਉਂਕਿ ਤਹਿਰਾਨ ਪਾਬੰਦੀਆਂ, ਇੱਕ ਬਿਮਾਰ ਅਰਥ ਵਿਵਸਥਾ ਅਤੇ ਇਜ਼ਰਾਈਲ ਨਾਲ ਨਵੇਂ ਸਿਰੇ ਤੋਂ ਜੰਗ ਦੇ ਡਰ ਨਾਲ ਜੂਝ ਰਿਹਾ ਹੈ।
‘ਦਿ ਨਰਗਿਸ ਫਾਊਂਡੇਸ਼ਨ’ ਨੇ ਇੱਕ ਬਿਆਨ ਵਿੱਚ ਕਿਹਾ ਕਿ ਫਾਊਂਡੇਸ਼ਨ ਸਾਰੇ ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਦੀ ਤੁਰੰਤ ਬਿਨਾਂ ਸ਼ਰਤ ਰਿਹਾਈ ਦੀ ਮੰਗ ਕਰਦੀ ਹੈ, ਜੋ ਸ਼ਰਧਾਂਜਲੀ ਦੇਣ ਅਤੇ ਇਕਜੁੱਟਤਾ ਪ੍ਰਗਟ ਕਰਨ ਲਈ ਇੱਕ ਯਾਦਗਾਰੀ ਸਮਾਰੋਹ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਦੀ ਗਿ੍ਰਫਤਾਰੀ ਬੁਨਿਆਦੀ ਆਜ਼ਾਦੀਆਂ ਦੀ ਗੰਭੀਰ ਉਲੰਘਣਾ ਹੈ।





