ਮੁਹਾਲੀ/ਬਲਾਚੌਰ
(ਗੁਰਜੀਤ ਬਿੱਲਾ/ਜਸਵਿੰਦਰ ਬੈਂਸ)
ਸੋਹਾਣਾ ਵਿਚ ਸੋਮਵਾਰ ਸ਼ਾਮੀਂ ਟੂਰਨਾਮੈਂਟ ਦੌਰਾਨ ਕਬੱਡੀ ਪ੍ਰਮੋਟਰ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਕਤਲ ਕੇਸ ਵਿੱਚ ਮੁਹਾਲੀ ਪੁਲਸ ਨੇ ਸ਼ੂਟਰਾਂ ਦੀ ਪਛਾਣ ਕਰ ਲੈਣ ਦਾ ਦਾਅਵਾ ਕੀਤਾ ਹੈ। ਸ਼ੂਟਰਾਂ ਦੀ ਸ਼ਨਾਖਤ ਆਦਿੱਤਿਆ ਕਪੂਰ ਤੇ ਕਰਨ ਪਾਠਕ ਵਜੋਂ ਦੱਸੀ ਗਈ ਹੈ। ਮੁਹਾਲੀ ਪੁਲਸ ਨੇ ਕਿਹਾ ਹੈ ਕਿ ਸ਼ੂਟਰਾਂ ਨੂੰ ਜਲਦੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ। ਮੁਹਾਲੀ ਦੇ ਐੱਸ ਐੱਸ ਪੀ ਹਰਮਨਦੀਪ ਸਿੰਘ ਹਾਂਸ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦੋ ਸ਼ੂਟਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਜਦੋਂ ਕਿ ਉਨ੍ਹਾਂ ਨਾਲ ਇਸ ਵਾਰਦਾਤ ਵਿਚ ਇੱਕ ਹੋਰ ਵਿਅਕਤੀ ਸ਼ਾਮਲ ਸੀ। ਐੱਸ ਐੱਸ ਪੀ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਇਸ ਘਟਨਾ ਦਾ ਸਿੱਧੂ ਮੂਸੇਵਾਲਾ ਦੇ ਕਾਤਲਾਂ ਜਾਂ ਘਟਨਾ ਨਾਲ ਕੋਈ ਸੰਬੰਧ ਨਹੀਂ ਹੈ ਤੇ ਨਾ ਹੀ ਰਾਣਾ ਬਲਾਚੌਰੀਆ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕਬੱਡੀ ਅਤੇ ਕਬੱਡੀ ਖਿਡਾਰੀਆਂ ਉੱਤੇ ਆਪਣੀ ਪਕੜ ਮਜ਼ਬੂਤ ਕਰਨ ਨਾਲ ਸੰਬੰਧਤ ਹੈ। ਇਸ ਕਤਲ ਕੇਸ ਵਿੱਚ ਟੋਨੀ ਬੱਲ ਅਤੇ ਲੱਕੀ ਪਟਿਆਲ ਨਾਂਅ ਦੇ ਦੋ ਗਰੋਹਾਂ, ਜੋ ਅੱਗੇ ਬੰਬੀਹਾ ਗੈਂਗ ਨਾਲ ਸੰਬੰਧ ਰੱਖਦੇ ਹਨ, ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਸ਼ੂਟਰ ਟੋਨੀ ਬੱਲ ਗਰੁੱਪ ਨਾਲ ਸੰਬੰਧਤ ਹਨ। ਇਨ੍ਹਾਂ ਵਿੱਚੋਂ ਅਦਿਤਿਆ ਕਪੂਰ ਉੱਤੇ 13 ਅਤੇ ਕਰਨ ਪਾਠਕ ਉੱਤੇ ਦੋ ਪਰਚੇ ਦਰਜ ਹਨ। ਹਾਂਸ ਨੇ ਦੱਸਿਆ ਕਿ ਦੋਵੇਂ ਸ਼ੂਟਰ ਅੰਮਿ੍ਰਤਸਰ ਦੇ ਵਸਨੀਕ ਹਨ ਅਤੇ ਮੁਹਾਲੀ ਪੁਲਸ ਵੱਲੋਂ ਇਨ੍ਹਾਂ ਦੀ ਗਿ੍ਰਫ਼ਤਾਰੀ ਲਈ 12 ਦੇ ਕਰੀਬ ਟੀਮਾਂ ਬਣਾ ਕੇ ਅੰਮਿ੍ਰਤਸਰ, ਦਿੱਲੀ ਅਤੇ ਹੋਰਨਾਂ ਥਾਵਾਂ ਉੱਤੇ ਭੇਜੀਆਂ ਗਈਆਂ ਹਨ। ਐੱਸ ਐੱਸ ਪੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸ਼ੂਟਰ ਮੋਟਰਸਾਈਕਲ ਉੱਤੇ ਫਰਾਰ ਹੋਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਰਾਣਾ ਬਲਾਚੌਰੀਆ ਦੇ ਨਾਲ ਜਾ ਰਹੇ ਉਸ ਦੇ ਇੱਕ ਹੋਰ ਸਾਥੀ ਨੂੰ ਵੀ ਗੋਲੀ ਦੇ ਛਰੇ ਲੱਗੇ ਹਨ, ਜਿਹੜਾ ਕਿ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਹੈ, ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਪਿੰਡ ਚਣਕੋਆ ਦੇ ਵਸਨੀਕ ਰਾਣਾ ਬਲਾਚੌਰੀਆ ਦਾ ਅੰਤਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਅਤੀ ਗਮਗੀਨ ਮਾਹੌਲ ਵਿੱਚ ਕੀਤਾ ਗਿਆ।ਰਾਣਾ ਬਲਾਚੌਰੀਆ ਨੇ ਕੁਝ ਦਿਨ ਪਹਿਲਾਂ ਹੀ ਅਨਮੋਲ ਪੁੱਤਰੀ ਠਾਕੁਰ ਸਤਿੰਦਰਾ ਸਿੰਘ ਵਾਸੀ ਦੇਹਰਾਦੂਨ (ਉੱਤਰਖੰਡ) ਨਾਲ ਵਿਆਹ ਦੇ ਬੰਧਨ ਵਿੱਚ ਬੱਝ ਕੇ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ। ਅੰਤਮ ਯਾਤਰਾ ਵਿੱਚ ਵੱਡੀ ਗਿਣਤੀ ਰਿਸ਼ਤੇਦਾਰਾਂ, ਨਗਰ ਨਿਵਾਸੀਆਂ, ਇਲਾਕਾ ਨਿਵਾਸੀਆਂ, ਵੱਖ-ਵੱਖ ਅਕੈਡਮੀਆਂ ਦੇ ਕਬੱਡੀ ਖਿਡਾਰੀਆਂ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਸੱਜਣਾਂ-ਮਿੱਤਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ।





