ਜਲੰਧਰ : ਪੰਜਾਬ ਪ੍ਰੈੱਸ ਕਲੱਬ ਜਲੰਧਰ ਦੀਆਂ ਹਾਲ ਹੀ ’ਚ ਹੋਈਆਂ ਚੋਣਾਂ ਵਿੱਚ ਜੇਤੂ ਰਹੀ ਸਮੁੱਚੀ ਟੀਮ ਨੂੰ ਮੰਗਲਵਾਰ ‘ਨਵਾਂ ਜ਼ਮਾਨਾ’ ਦੇ ਦਫ਼ਤਰ ਵਿਖੇ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ।ਇਸ ਮੌਕੇ ‘ਨਵਾਂ ਜ਼ਮਾਨਾ’ ਦੀ ਸਮੁੱਚੀ ਟੀਮ ਨੇ ਨਵੀਂ ਚੁਣੀ ਗਈ ਪ੍ਰਬੰਧਕੀ ਕਮੇਟੀ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਅੱਗੇ ਦੇ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ।ਸਨਮਾਨਤ ਹੋਣ ਵਾਲਿਆਂ ਵਿੱਚ ਪੰਜਾਬ ਪ੍ਰੈੱਸ ਕਲੱਬ ਦੇ ਨਵੇਂ ਚੁਣੇ ਗਏ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਜਨਰਲ ਸਕੱਤਰ ਪੁਨੀਤ ਸਹਿਗਲ, ਮੀਤ ਪ੍ਰਧਾਨ ਪਰਮਜੀਤ ਸਿੰਘ ਰੰਗਪੁਰੀ ਅਤੇ ਸਹਾਇਕ ਸਕੱਤਰ ਸੁਕਰਾਂਤ ਸਫ਼ਰੀ ਸ਼ਾਮਲ ਸਨ।ਇਸ ਮੌਕੇ ‘ਨਵਾਂ ਜ਼ਮਾਨਾ’ਦੇ ਸੰਪਾਦਕ ਚੰਦ ਫਤਿਹਪੁਰੀ ਨੇ ਪੱਤਰਕਾਰੀ ਜਗਤ ਦੀਆਂ ਚੁਣੌਤੀਆਂ ਅਤੇ ਜ਼ਿੰਮੇਵਾਰੀਆਂ ਬਾਰੇ ਗੱਲ ਕੀਤੀ ਅਤੇ ਆਸ ਪ੍ਰਗਟਾਈ ਕਿ ਇਹ ਨਵੀਂ ਟੀਮ ਪੱਤਰਕਾਰ ਭਾਈਚਾਰੇ ਦੇ ਹਿੱਤਾਂ ਲਈ ਤਨਦੇਹੀ ਨਾਲ ਕੰਮ ਕਰੇਗੀ।ਕਾਮਰੇਡ ਗੁਰਮੀਤ ਨੇ ਪ੍ਰੈੱਸ ਕਲੱਬ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ। ਸਨਮਾਨ ਸਮਾਰੋਹ ਦੌਰਾਨ‘ਨਵਾਂ ਜ਼ਮਾਨਾ’ਦੇ ਜਨਰਲ ਮੈਨੇਜਰ ਗੁਰਮੀਤ, ਟਰੱਸਟੀ ਰਾਜਿੰਦਰ ਸਿੰਘ ਮੰਡ ਅਤੇ ਸਵਰਨ ਟਹਿਣਾ ਸਮੇਤ ਅਖ਼ਬਾਰ ਦੇ ਸਮੁੱਚੇ ਸਟਾਫ਼ ਮੈਂਬਰ ਹਾਜ਼ਰ ਸਨ।ਉਨ੍ਹਾਂ ਨੇ ਪ੍ਰੈੱਸ ਕਲੱਬ ਦੀ ਨਵੀਂ ਲੀਡਰਸ਼ਿਪ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਨਵੇਂ ਚੁਣੇ ਗਏ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਨੇ ‘ਨਵਾਂ ਜ਼ਮਾਨਾ’ ਪਰਵਾਰ ਦਾ ਧੰਨਵਾਦ ਕੀਤਾ ਅਤੇ ਕਲੱਬ ਦੇ ਮੈਂਬਰਾਂ ਦੀ ਭਲਾਈ ਲਈ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ।





