ਪਟਿਆਲਾ : ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਮਜਦੂਰ ਵਿਰੋਧੀ ਇੱਕ ਹੋਰ ਹਮਲੇ ਤਹਿਤ ਮਨਰੇਗਾ ਕਾਨੂੰਨ ਨੂੰ ਖਤਮ ਕਰਨ ਲਈ ਬੜੇ ਹੀ ਸਾਜ਼ਿਸ਼ੀ ਅਤੇ ਚਤਰਾਈ ਭਰੇ ਤਰੀਕੇ ਨਾਲ ਲੋਕ ਸਭਾ ਵਿੱਚ ਨਵਾਂ ਬਿੱਲ ਪੇਸ਼ ਕੀਤਾ ਹੈ, ਜਿਸ ਦਾ ਨਾਂਅ ਵੀ ਮਹਾਤਮਾ ਗਾਂਧੀ ਰੂਰਲ ਇੰਪਲਾਇਮੈਂਟ ਗਰੰਟੀ ਐਕਟ ਦੀ ਬਜਾਏ ਵਿਕਸਤ ਭਾਰਤ ਗਰੰਟੀ ਰੁਜਗਾਰ ਅਤੇ ਅਜੀਵਕਾ ਮਿਸ਼ਨ (ਗ੍ਰਾਮੀਣ) ਬਿੱਲ 2025 ਰੱਖਿਆ ਗਿਆ ਹੈ। ਚਤਰਾਈ ਕਰਦਿਆਂ ਇਹ ਵੀ ਇਸ ਬਿਲ ਵਿੱਚ ਦਰਜ ਹੈ ਕਿ ਨਰੇਗਾ ਮਜਦੂਰਾਂ ਨੂੰ ਕੰਮ 100 ਦਿਨ ਦੀ ਬਜਾਏ 125 ਦਿਨ ਕੰਮ ਦਿੱਤਾ ਜਾਵੇਗਾ। ਇਸ ਤਰ੍ਹਾਂ ਸਰਕਾਰ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਣ ਦਾ ਕੰਮ ਕਰ ਰਹੀ ਹੈ। ਇੱਕ ਤਾਂ ਆਰ ਐੱਸ ਐੱਸ ਦੀ ਨੀਤੀ ਦੀ ਪਾਲਣਾ ਕਰਦਿਆ ਮਹਾਤਮਾ ਗਾਂਧੀ ਦਾ ਨਾਂਅ ਮਿਟਾ ਦਿੱਤਾ ਗਿਆ ਹੈ, ਦੂਸਰਾ 125 ਦਿਨ ਕੰਮ ਦਾ ਜ਼ਿਕਰ ਕਰਕੇ ਪੇਂਡੂ ਮਜ਼ਦੂਰਾਂ ਤੋਂ ਬੱਲੇ-ਬੱਲੇ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਬਰਾੜ ਅਤੇ ਧਾਲੀਵਾਲ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਇਸ ਮਜ਼ਦੂਰ ਵਿਰੋਧੀ ਬਿੱਲ ਦੀ ਸਖਤ ਅਲੋਚਨਾ ਕਰਦਿਆਂ ਕਿਹਾ ਕਿ ਜਿੱਥੇ ਆਰ ਐੱਸ ਐੱਸ ਦੁਆਰਾ ਸੰਚਾਲਿਤ ਇਹ ਸਰਕਾਰ ਅਜ਼ਾਦੀ ਅੰਦੋਲਨ ਦੇ ਆਗੂਆਂ ਅਤੇ ਕੁਰਬਾਨੀਆਂ ਕਰਨ ਵਾਲੇ ਅਨੇਕਾਂ ਸ਼ਹੀਦਾਂ ਯੋਧਿਆਂ ਦੇ ਇੱਕ-ਇੱਕ ਕਰਕੇ ਨਾਵਾਂ ਨੂੰ ਸਾਜ਼ਿਸ਼ੀ ਢੰਗ ਨਾਲ ਅਲੋਪ ਕਰਨ ਦੀ ਅਤੇ ਭਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਹੀ ਇਹ ਸਰਕਾਰ ਕਾਰਪੋਰੇਟਾਂ ਨੂੰ ਗਰੀਬਾਂ ਲਈ ਖਰਚੀ ਜਾਣ ਵਾਲੀ ਪੁੂੰਜੀ ਨੂੰ ਲੁਟਵਾਉਣ ਲਈ ਵਿਉਤਬੰਦੀਆਂ ਕਰ ਰਹੀ ਹੈ। ਨਵੇਂ ਬਿੱਲ ਰਾਹੀਂ ਕੇਂਦਰ ਨਰੇਗਾ ਲਈ 60 ਪ੍ਰਤੀਸ਼ਤ ਪੈਸਾ ਦੇਵੇਗਾ ਅਤੇ 40 ਪ੍ਰਤੀਸ਼ਤ ਪੈਸਾ ਰਾਜ ਸਰਕਾਰ ਨੂੰ ਪਾਉਣਾ ਪਵੇਗਾ, ਜਦ ਕਿ ਪਹਿਲਾਂ 100 ਫੀਸਦੀ ਪੈਸਾ ਕੇਂਦਰ ਨੇ ਪਾਉਣਾ ਹੁੰਦਾ ਹੈ। ਜਿੱਥੋਂ ਤੱਕ 125 ਦਿਨ ਕੰਮ ਦੇਣ ਦਾ ਜ਼ਿਕਰ ਹੈ, ਉਸ ਦਾ ਕੋਈ ਲਾਭ ਮਜ਼ਦੂਰਾਂ ਨੂੰ ਨਹੀਂ ਮਿਲੇਗਾ, ਕਿਉਕਿ ਪਹਿਲਾਂ ਹੀ ਔਸਤਨ 38 ਦਿਨ ਤੋਂ ਵੱਧ ਕੰਮ ਨਹੀਂ ਮਿਲ ਰਿਹਾ। ਕੰਮ ਨਾ ਮਿਲਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਵੀ ਰਾਜ ਸਰਕਾਰ ਵੱਲੋਂ ਦਿੱਤੇ ਜਾਣ ਦੀ ਮੱਦ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਬੜੀ ਹੀ ਚਤਰਾਈ ਨਾਲ ਨਾਰਥ ਈਸਟ ਸਟੇਟਾਂ ਨੂੰ 90 ਫੀਸਦੀ ਪੈਸਾ ਕੇਂਦਰ ਦੇਵੇਗਾ, ਕਿਉਕਿ ਅਜਿਹਾ ਕਰਨਾ ਭਾਜਪਾ ਨੂੰ ਠੀਕ ਬੈਠਦਾ ਹੈ। ਨਵਾਂ ਕਾਨੂੰਨ ਲਾਗੂ ਹੋਣ ਦੇ 6 ਮਹੀਨੇ ਦੇ ਅੰਦਰ-ਅੰਦਰ ਰਾਜ ਸਰਕਾਰਾਂ ਨੂੰ ਨਵੀਂ ਯੋਜਨਾ ਮੁਤਾਬਕ ਚਲਣਾ ਪਵੇਗਾ।
ਏਟਕ ਆਗੂਆਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਇਸ ਨਵੇਂ ਬਿੱਲ ਦਾ ਡਟਵਾਂ ਵਿਰੋਧ ਕੀਤਾ ਜਾਵੇ, ਤਾਂ ਕਿ ਸਰਕਾਰ ਇਸ ਨੂੰ ਕਾਨੂੰਨ ਦੀ ਸ਼ਕਲ ਦੇਣ ਤੋਂ ਪਿੱਛੇ ਹਟੇ। ਏਟਕ ਨਾਲ ਸੰਬੰਧਤ ਜਥੇਬੰਦੀਆਂ ਨੂੰ ਕਿਹਾ ਗਿਆ ਹੈ ਕਿ ਹੋਰ ਸੰਗਠਨਾਂ ਨਾਲ ਤਾਲਮੇਲ ਕਰਕੇ ਇਸ ਬਿੱਲ ਦਾ ਵਿਰੋਧ ਕਰਨ ਲਈ ਐਕਸ਼ਨ ਪ੍ਰੋਗਰਾਮ ਬਣਾਏ ਜਾਣ। ਤੁਰੰਤ ਵੀ ਆਪਣੇ ਤੌਰ ’ਤੇ ਇਸ ਬਿੱਲ ਦਾ ਵਿਰੋਧ ਕਰਨ ਲਈ ਐਕਸ਼ਨ ਕੀਤੇ ਜਾਣ, ਤਾਂ ਕਿ ਕੇਂਦਰ ਸਰਕਾਰ ਦੀਆਂ ਨਰੇਗਾ ਨੂੰ ਖਤਮ ਕਰਨ ਦੀਆਂ ਚਾਲਾਂ ਨੂੰ ਪਛਾੜਿਆ ਜਾ ਸਕੇ।
ਨਵਾਂ ਬਿੱਲ ਮਜ਼ਦੂਰਾਂ ’ਤੇ ਮਾਰੂ ਹਮਲਾ : ਬਰਾੜ, ਧਾਲੀਵਾਲ





