ਚੰਡੀਗੜ੍ਹ : ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ’ਤੇ ਸ਼ਹੀਦੀ ਸਭਾ ਮੌਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਮਹਾਨ ਕੁਰਬਾਨੀ ਨੂੰ ਸਿਜਦਾ ਕਰਨ ਲਈ ਦੁਨੀਆ ਭਰ ਵਿੱਚੋਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਕੀਤੇ ਗਏ ਪ੍ਰਬੰਧਾਂ ਦੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਦੱਸਿਆ ਕਿ ਸੰਗਤ ਲਈ ਸਿਹਤ ਸਹੂਲਤਾਂ, ਆਵਾਜਾਈ, ਸਾਫ-ਸਫਾਈ ਅਤੇ ਸੁਰੱਖਿਆ ਵਿਵਸਥਾ ਤੇ ਹੋਰ ਇੰਤਜ਼ਾਮ ਵਿਆਪਕ ਪੱਧਰ ’ਤੇ ਕੀਤੇ ਗਏ ਹਨ, ਤਾਂ ਕਿ ਕਿਸੇ ਵੀ ਸ਼ਰਧਾਲੂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰ ਵਿੱਚ ਸੰਗਤ ਦੇ ਆਉਣ-ਜਾਣ ਲਈ ਮੁਫ਼ਤ ਸਫਰ ਦੀ ਸਹੂਲਤ ਦੇਣ ਲਈ ‘ਇੰਟਰ ਸਿਟੀ ਸ਼ਟਲ ਬੱਸ ਸੇਵਾ’ ਸ਼ੁਰੂ ਕੀਤੀ ਜਾਵੇਗੀ ਅਤੇ ਸ਼ਹੀਦੀ ਸਭਾ ਦੌਰਾਨ 200 ਸ਼ਟਲ ਬੱਸਾਂ ਅਤੇ 100 ਈ-ਰਿਕਸ਼ੇ ਸੰਗਤ ਲਈ ਤਾਇਨਾਤ ਹੋਣਗੇ। 3300 ਤੋਂ ਵੱਧ ਪੁਲਸ ਜਵਾਨ ਸੰਗਤਾਂ ਦੀ ਸਹਾਇਤਾ ਲਈ ਡਿਊਟੀ ’ਤੇ ਤਾਇਨਾਤ ਰਹਿਣਗੇ।
ਉਨ੍ਹਾ ਦੱਸਿਆ ਕਿ ਪੁਲਸ ਇੰਟੇਗ੍ਰੇਟਿਡ ਕੰਟਰੋਲ ਸੈਂਟਰ ਸਥਾਪਤ ਕੀਤਾ ਗਿਆ, ਜਿੱਥੇ ਸੰਗਤ ਦੀ ਸਹੂਲਤ ਲਈ ਵਿਸ਼ੇਸ਼ ਹੈਲਪਲਾਈਨ ਨੰਬਰ 0176-3232838 ਵੀ ਜਾਰੀ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦੀ ਸਭਾ ਮੌਕੇ ਸੰਗਤ ਲਈ ਇੰਤਜ਼ਾਮ ਕਰਨਾ ਸਰਕਾਰ ਦਾ ਸਭ ਤੋਂ ਵੱਡਾ ਫਰਜ਼ ਬਣਦਾ ਹੈ ਅਤੇ ਇਸ ਨੇਕ ਕਾਰਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾ ਕਿਹਾ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਸੰਗਤ ਦੀ ਸਹੂਲਤ ਲਈ ਕਿਸੇ ਵੀ ਤਰ੍ਹਾਂ ਦੀ ਮੰਗ ਕੀਤੀ ਜਾਂਦੀ ਹੈ, ਤਾਂ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਪੂਰਾ ਸਹਿਯੋਗ ਦੇਵੇਗੀ।





