ਅਕਾਲੀਆਂ ਦੀ ਪੁਜ਼ੀਸ਼ਨ ’ਚ ਸੁਧਾਰ, ਭਾਜਪਾ ਦੇ ਨਹੀਂ ਲੱਗੇ ਪੈਰ
ਚੰਡੀਗੜ੍ਹ : ਜ਼ਿਲ੍ਹਾ ਪ੍ਰੀਸ਼ਦਾਂ ਤੇ ਪੰਚਾਇਤ ਸੰਮਤੀਆਂ ਦੇ ਆਏ ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ ਦਾ ਦਬਦਬਾ ਬਰਕਰਾਰ ਹੈ, ਹਾਲਾਂ ਕਿ ਵਿਰੋਧੀ ਪਾਰਟੀਆਂ ਖਾਸ ਕਰਕੇ ਕਾਂਗਰਸ ਤੇ ਅਕਾਲੀ ਦਲ ਨੇ ਸਖਤ ਟੱਕਰ ਦਿੱਤੀ ਹੈ। 153 ਪੰਚਾਇਤ ਸੰਮਤੀਆਂ ਦੇ 2838 ਜ਼ੋਨਾਂ ਵਿਚੋਂ 675 ਦੇ ਐਲਾਨੇ ਨਤੀਜਿਆਂ ਅਨੁੁਸਾਰ ਆਮ ਆਦਮੀ ਪਾਰਟੀ 442 ਜ਼ੋਨਾਂ ਵਿੱਚ ਜੇਤੂ ਰਹੀ, ਜਦ ਕਿ ਕਾਂਗਰਸ ਦੇ 116, ਸ਼ੋ੍ਰਮਣੀ ਅਕਾਲੀ ਦਲ ਦੇ 64, ਬਸਪਾ ਦੇ 3 ਉਮੀਦਵਾਰ ਸਫਲ ਹੋਏ ਹਨ। ਭਾਰਤੀ ਜਨਤਾ ਪਾਰਟੀ ਹੁਣ ਤੱਕ 5 ਸੀਟਾਂ ਹੀ ਜਿੱਤ ਸਕੀ ਹੈ। 22 ਜ਼ਿਲ੍ਹਾ ਪ੍ਰੀਸ਼ਦਾਂ ਦੇ 347 ਜ਼ੋਨਾਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ।
ਮੀਤ ਹੇਅਰ ਦੇ ਪਿੰਡ ਤੋਂ ਅਕਾਲੀ ਦਲ ਜੇਤੂ : ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਜੱਦੀ ਪਿੰਡ ਕੁਰੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੋਈ ਹੈ। ਅਕਾਲੀ ਉਮੀਦਵਾਰ ਜਸਵਿੰਦਰ ਕੌਰ ਨੇ ‘ਆਪ’ ਉਮੀਦਵਾਰ ਸਵਰਨਜੀਤ ਕੌਰ ਨੂੰ ਹਰਾਇਆ।
ਰਾਏਕੋਟ ’ਚ ਕਾਂਗਰਸ ਦੀ ਚੜ੍ਹਤ : ਵਿਧਾਨ ਸਭਾ ਹਲਕਾ ਰਾਏਕੋਟ ਵਿਚ ਬਲਾਕ ਸੰਮਤੀ ਚੋਣਾਂ ਦੇ ਹੁਣ ਤੱਕ ਐਲਾਨੇ ਨਤੀਜਿਆਂ ਵਿੱਚ ਕਾਂਗਰਸ ਦੀ ਚੜ੍ਹਤ ਬਰਕਰਾਰ ਹੈ। ਬਲਾਕ ਸੰਮਤੀ ਜ਼ੋਨ ਗੋਂਦਵਾਲ, ਹਲਵਾਰਾ, ਜਲਾਲਦੀਵਾਲ ਅਤੇ ਝੋਰੜਾਂ ਤੋਂ ਕਾਂਗਰਸ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਜ਼ੋਨ ਹਲਵਾਰਾ ਤੋਂ ਕਾਂਗਰਸੀ ਉਮੀਦਵਾਰ ਕਿਰਨਜੀਤ ਕੌਰ ਨੂੰ 1192, ‘ਆਪ’ ਉਮੀਦਵਾਰ ਚਰਨਜੀਤ ਕੌਰ ਨੂੰ 770 ਵੋਟਾਂ ਮਿਲੀਆਂ। ਕਾਂਗਰਸ ਉਮੀਦਵਾਰ ਨੇ 422 ਵੋਟਾਂ ਨਾਲ ਜਿੱਤ ਦਰਜ ਕੀਤੀ। ਜ਼ੋਨ ਗੋਂਦਵਾਲ ਤੋਂ ਕਾਂਗਰਸੀ ਉਮੀਦਵਾਰ ਵਰਿੰਦਰਪਾਲ ਕੌਰ 1403, ਜਦ ਕਿ ‘ਆਪ’ ਉਮੀਦਵਾਰ ਮਨਦੀਪ ਕੌਰ ਨੂੰ 1114 ਵੋਟਾਂ ਪ੍ਰਾਪਤ ਹੋਈਆਂ। ਕਾਂਗਰਸੀ ਉਮੀਦਵਾਰ ਵਰਿੰਦਰਪਾਲ ਕੌਰ ਨੇ 306 ਵੋਟਾਂ ਨਾਲ ਜਿੱਤ ਦਰਜ ਕੀਤੀ। ਜਲਾਲਦੀਵਾਲ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਪਿ੍ਰਤਪਾਲ ਕੌਰ ਨੂੰ 2013, ਜਦ ਕਿ ‘ਆਪ’ ਉਮੀਦਵਾਰ ਮਨਪ੍ਰੀਤ ਕੌਰ ਨੂੰ 1654 ਵੋਟਾਂ ਮਿਲੀਆਂ ਹਨ। ਉੱਧਰ ਜ਼ੋਨ ਝੋਰੜਾਂ ਵਿੱਚ ਕਾਂਗਰਸੀ ਉਮੀਦਵਾਰ ਸਿਮਰਜੀਤ ਕੌਰ 1581, ਅਕਾਲੀ ਦਲ ਦੀ ਉਮੀਦਵਾਰ ਪਰਮਜੀਤ ਕੌਰ 704, ਜਦ ਕਿ ‘ਆਪ’ ਉਮੀਦਵਾਰ ਅਮਰਜੀਤ ਕੌਰ ਤੀਜੇ ਨੰਬਰ ’ਤੇ ਰਹੀ। ਉਸ ਨੂੰ 547 ਵੋਟਾਂ ਹੀ ਮਿਲੀਆਂ। ਇਸ ਤਰ੍ਹਾਂ ਕਾਂਗਰਸੀ ਉਮੀਦਵਾਰ ਨੇ 877 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।
ਚੰਦੂਮਾਜਰਾ ਧੜੇ ਦੀ ਉਮੀਦਵਾਰ ਜੇਤੂ : ਪੰਚਾਇਤ ਸੰਮਤੀ ਸਨੌਰ ਦੇ ਅਧੀਨ ਪੈਂਦੇ ਬਲਾਕ ਸੰਮਤੀ ਦੇ ਜ਼ੋਨ ਚੌਰਾ ਤੋਂ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੀ ਉਮੀਦਵਾਰ ਬੀਬੀ ਜਸਵਿੰਦਰ ਕੌਰ 145 ਵੋਟਾਂ ਨਾਲ ਜੇਤੂ ਹੋ ਕੇ ਨਿਕਲੀ, ਜਿਸ ਨੂੰ ਪਾਰਟੀ ਦੇ ਆਗੂ ਤੇ ਸਾਬਕਾ ਐੱਮ ਪੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਸਾਬਕਾ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਨੇ ਮੁਬਾਰਕਬਾਦ ਦਿੱਤੀ।
ਅਕਾਲੀ ਉਮੀਦਵਾਰ ਗਗਨਦੀਪ ਕੌਰ ਜੇਤੂ : ਬਲਾਕ ਸੰਮਤੀ ਸ਼ਹਿਣਾ ਲਈ ਜ਼ੋਨ ਸ਼ਹਿਣਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਗਗਨਦੀਪ ਕੌਰ ਖਾਲਸਾ ਪਤਨੀ ਸਾਬਕਾ ਸਰਪੰਚ ਅੰਮਿ੍ਰਤਪਾਲ ਸਿੰਘ ਖਾਲਸਾ ਜੇਤੂ ਰਹੇ। ਉਹਨਾ ਨੂੰ 1338 ਵੋਟਾਂ ਮਿਲੀਆਂ। ਸ਼ਹਿਣਾ ਹਲਕੇ ਤੋਂ ਕਾਂਗਰਸ ਨੂੰ 836, ਆਪ ਨੂੰ 728, ਭਾਜਪਾ ਨੂੰ 134 ਵੋਟਾਂ ਮਿਲੀਆਂ ਅਤੇ 150 ਵੋਟਾਂ ਰੱਦ ਹੋਈਆਂ।
ਬਲਾਕ ਸੰਮਤੀਆਂ ਦੇ 6 ਜ਼ੋਨਾਂ ’ਚ ‘ਆਪ’ ਜਿੱਤੀ : ਬਲਾਕ ਸ੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ ਬਲਾਕ ਸੰਮਤੀ ਦੇ 15 ਜ਼ੋਨਾਂ ਵਿੱਚੋਂ 8 ਜ਼ੋਨਾਂ ਦੇ ਨਤੀਜੇ ਘੋਸ਼ਿਤ ਹੋ ਚੁੱਕੇ ਹਨ ਤੇ ਇਨ੍ਹਾਂ ਨਤੀਜਿਆਂ ਵਿੱਚ 6 ਜ਼ੋਨਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਦੂਜੇ ਪਾਸੇ ਦੋ ਬਲਾਕ ਸੰਮਤੀਆਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰਾਂ ਵੱਲੋਂ ਜਿੱਤ ਦਰਜ ਕੀਤੀ ਗਈ।
ਜ਼ੋਨ ਜੰਡਿਆਲਾ ਗੁਰੂ ’ਚ ‘ਆਪ’ ਨੇ ਦੋ ਸੀਟਾਂ ਜਿੱਤੀਆਂ : ਜ਼ੋਨ ਜੰਡਿਆਲਾ ਗੁਰੂ ਵਿੱਚ ਪੰਚਾਇਤ ਸੰਮਤੀ ਦੀਆਂ ਚੋਣਾਂ ਦੇ ਨਤੀਜਿਆਂ ਦੇ ਸ਼ੁਰੂਆਤੀ ਦੌਰ ਵਿੱਚ ਆਮ ਆਦਮੀ ਪਾਰਟੀ ਨੇ ਆਪਣੀ ਬੜ੍ਹਤ ਬਣਾਈ ਹੈ। ਪਿੰਡ ਖੱਬੇ ਰਾਜਪੂਤਾਂ ਵਿੱਚ ਆਦਮੀ ਪਾਰਟੀ ਦੀ ਰਾਜਵਿੰਦਰ ਕੌਰ ਨੇ 1162 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ। ਇੱਥੇ ਭਾਜਪਾ ਦੀ ਕੁਲਜੀਤ ਕੌਰ ਨੇ 885 ਵੋਟਾਂ ਅਤੇ ਨੋਟਾ ਨੂੰ 40 ਵੋਟਾਂ ਮਿਲੀਆਂ। ਇਸੇ ਤਰ੍ਹਾਂ ਮਹਿਤਾ ਤੋਂ ਆਮ ਆਦਮੀ ਪਾਰਟੀ ਦੀ ਰਾਜਵਿੰਦਰ ਕੌਰ 779 ਵੋਟਾਂ ਲੈ ਕੇ ਜਿੱਤੀ। ਕਾਂਗਰਸ ਦੀ ਮਨਦੀਪ ਕੌਰ ਨੂੰ 765 ਵੋਟਾਂ, ਅਕਾਲੀ ਦਲ ਦੀ ਮਨਦੀਪ ਕੌਰ ਨੂੰ 373 ਵੋਟਾਂ ਅਤੇ ਭਾਜਪਾ ਦੀ ਰਾਣੀ ਨੂੰ 60 ਵੋਟਾਂ ਮਿਲੀਆਂ।
ਆਮ ਆਦਮੀ ਪਾਰਟੀ ਜੇਤੂ : ਬਲਾਕ ਸੰਮਤੀ ਪਾਤੜਾਂ ਦੇ ਕਲਾਰਾਂ ਜ਼ੋਨ ਤੋਂ ਆਇਆ ਪਹਿਲਾ ਨਤੀਜਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਗਿਆ। ਬਲਾਕ ਸੰਮਤੀ ਪਾਤੜਾਂ ਦੇ ਕਲਾਰਾਂ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਕੌਰ ਨੂੰ 832 ਅਤੇ ਉਨ੍ਹਾ ਦੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਜਸਵਿੰਦਰ ਕੌਰ ਨੂੰ 444 ਵੋਟਾਂ ਮਿਲੀਆਂ। ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਕੌਰ 388 ਵੋਟਾਂ ਦੇ ਫਰਕ ਨਾਲ ਜੇਤੂ ਰਹੇ।
ਦੋ ਸੀਟਾਂ ’ਤੇ ‘ਆਪ’ ਅਤੇ ਇੱਕ ’ਤੇ ਕਾਂਗਰਸ ਜੇਤੂ : ਸ੍ਰੀ ਆਨੰਦਪੁਰ ਸਾਹਿਬ ਬਲਾਕ ਸੰਮਤੀ ਚੋਣਾਂ ਦੌਰਾਨ ਗੰਗੂਵਾਲ ਅਤੇ ਗੰਭੀਰਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ ਜੇਤੂ ਰਹੀ, ਜਦੋਂ ਕਿ ਢੇਰ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਨੇ ਜਿੱਤ ਹਾਸਿਲ ਕੀਤੀ ਹੈ। ਜਾਣਕਾਰੀ ਅਨੁਸਾਰ ਗੰਗੂਵਾਲ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਣਵੀਰ ਕੌਰ ਨੂੰ 791 ਵੋਟਾਂ ਪਾਈਆਂ, ਜਦੋਂ ਕਿ ਕਾਂਗਰਸ ਦੀ ਰਮੇਸ਼ ਦੇਵੀ ਨੂੰ 460 ਵੋਟਾਂ ਪਈਆਂ। ਇਸੇ ਤਰ੍ਹਾਂ ਗੰਭੀਰਪੁਰ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੁਖ ਸਿੰਘ ਸੋਢੀ ਨੇ 1310 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਉੱਥੇ ਹੀ ਕਾਂਗਰਸ ਦੇ ਗੁਰਜਿੰਦਰ ਸਿੰਘ ਨੂੰ 999 ਵੋਟਾਂ ਪਈਆਂ, ਇਸੇ ਤਰ੍ਹਾਂ ਢੇਰ ਜ਼ੋਨ ਤੋਂ ਕਾਂਗਰਸ ਦੀ ਕੁਲਦੀਪ ਕੌਰ ਨੇ 1300 ਵੋਟਾਂ ਹਾਸਿਲ ਕੀਤੀਆਂ, ਜਦੋਂ ਕਿ ਆਮ ਆਦਮੀ ਪਾਰਟੀ ਦੀ ਸੰਦੀਪ ਕੌਰ ਨੇ 1097 ਵੋਟਾਂ ਹਾਸਲ ਕੀਤੀਆਂ। ਹੁਣ ਤੱਕ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਦੋ ਜ਼ੋਨਾਂ ਵਿੱਚ ਅਤੇ ਕਾਂਗਰਸ ਪਾਰਟੀ ਨੇ ਇੱਕ ਜ਼ੋਨ ਵਿੱਚ ਜਿੱਤ ਦਰਜ ਕੀਤੀ ਹੈ।




