ਕਿਡਨੀ ਵੇਚ ਕੇ ਵੀ ਨਹੀਂ ਲੱਥਾ ਕਿਸਾਨ ਦਾ ਕਰਜ਼ਾ

0
44

ਚੰਦਰਪੁਰ : ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜੋ ਮਨੁੱਖਤਾ ਨੂੰ ਸ਼ਰਮਸਾਰ ਕਰਦੀ ਹੈ।ਇੱਕ ਨੌਜਵਾਨ ਕਿਸਾਨ ਨੂੰ ਕਰਜ਼ੇ ਦੇ ਬੋਝ ਅਤੇ ਗੈਰ-ਕਾਨੂੰਨੀ ਸ਼ਾਹੂਕਾਰਾਂ ਤੋਂ ਮਾਨਸਕ ਤਸੀਹੇ ਕਾਰਨ ਆਪਣੀ ਕਿਡਨੀ ਵੇਚਣ ਲਈ ਮਜਬੂਰ ਹੋਣਾ ਪਿਆ।34 ਸਾਲਾ ਕਿਸਾਨ ਰੋਸ਼ਨ ਕੰੁਡੇ ਦੀ ਇਸ ਦਰਦਭਰੀ ਘਟਨਾ ਨੇ ਸਰੀਰ ’ਚ ਕੰਬਣੀ ਛੇੜ ਦਿੱਤੀ ਹੈ। ਮਿੰਟੂਰ ਪਿੰਡ ਦੇ ਵਸਨੀਕ ਰੋਸ਼ਨ ਕੰੁਡੇ ਨੇ ਕੁਝ ਸਾਲ ਪਹਿਲਾਂ ਆਪਣਾ ਡੇਅਰੀ ਦਾ ਕਾਰੋਬਾਰ ਸ਼ੁਰੂ ਕਰਨ ਲਈ ਇੱਕ ਨਿੱਜੀ ਸ਼ਾਹੂਕਾਰ ਤੋਂ 1 ਲੱਖ ਰੁਪਏ ਉਧਾਰ ਲਏ ਸਨ, ਪਰ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ, ਕਿਉਕਿ ਕੋਵਿਡ-19 ਦੀ ਮੰਦੀ ਅਤੇ ਬਾਅਦ ਵਿੱਚ ਲੰਪੀ ਸਕਿਨ ਬਿਮਾਰੀ ਨੇ ਉਸ ਦੀਆਂ ਗਾਵਾਂ ਨੂੰ ਮਾਰ ਦਿੱਤਾ।ਕਾਰੋਬਾਰ ਠੱਪ ਹੋ ਗਿਆ ਅਤੇ ਰੋਸ਼ਨ ਕਰਜ਼ੇ ਦੀਆਂ ਕਿਸ਼ਤਾਂ ਮੋੜ ਨਹੀਂ ਸਕਿਆ।ਸਮੇਂ ਦੇ ਨਾਲ 1 ਲੱਖ ਰੁਪਏ ਦਾ ਕਰਜ਼ਾ 74 ਲੱਖ ਰੁਪਏ ਹੋ ਗਿਆ। ਪਰਵਾਰ ਦਾ ਦੋਸ਼ ਹੈ ਕਿ ਇਹ ਸਭ ਸ਼ਾਹੂਕਾਰਾਂ ਦੇ ਦਬਾਅ ਕਾਰਨ ਹੋਇਆ। ਰੋਸ਼ਨ ਦੇ ਪਿਤਾ ਸ਼ਿਵਦਾਸ ਕੁੰਡੇ ਨੇ ਦਾਅਵਾ ਕੀਤਾ ਕਿ ਸ਼ਾਹੂਕਾਰਾਂ ਨੇ ਯੋਜਨਾ ਬਣਾਈ ਅਤੇ ਉਸ ਦੇ ਪੁੱਤਰ ਨੂੰ ਫਸਾਇਆ।ਉਨ੍ਹਾ 1 ਲੱਖ ਦੀ ਅਸਲ ਰਕਮ ’ਤੇ ਬਹੁਤ ਜ਼ਿਆਦਾ ਵਿਆਜ ਲੈ ਕੇ ਉਸ ਤੋਂ ਲੱਖਾਂ ਰੁਪਏ ਵਸੂਲੇ।ਕਰਜ਼ਾ ਚੁਕਾਉਣ ਲਈ ਕਿਸਾਨ ਨੇ ਦੋ ਏਕੜ ਜ਼ਮੀਨ, ਇੱਕ ਟਰੈਕਟਰ, ਵਾਹਨ, ਘਰੇਲੂ ਸਮਾਨ ਅਤੇ ਇੱਥੋਂ ਤੱਕ ਕਿ ਸੋਨਾ ਵੀ ਵੇਚ ਦਿੱਤਾ, ਪਰ ਕਰਜ਼ਾ ਨਹੀਂ ਚੁਕਾਇਆ ਗਿਆ। ਮੁਲਜ਼ਮਾਂ ਨੇ ਪੈਸੇ ਵਾਪਸ ਕਰਨ ਲਈ ਉਸ ਨੂੰ ਆਪਣੀ ਕਿਡਨੀ ਵੇਚਣ ਲਈ ਮਜਬੂਰ ਕਰ ਦਿੱਤਾ।
ਸ਼ਿਵਦਾਸ ਕੁੰਡੇ ਅਨੁਸਾਰ ਕੋਵਿੰਡ-19 ਮਹਾਂਮਾਰੀ ਦੌਰਾਨ ਉਸ ਦੇ ਪੁੱਤਰ ਦਾ ਦੁੱਧ ਦਾ ਕਾਰੋਬਾਰ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਸੀ।ਇਸ ਦੌਰਾਨ ਪਸ਼ੂਆਂ ਵਿੱਚ ਲੰਪੀ ਬਿਮਾਰੀ ਫੈਲਣ ਕਾਰਨ ਸਥਿਤੀ ਹੋਰ ਵੀ ਵਿਗੜ ਗਈ। ਰੋਸ਼ਨ ਲਗਾਤਾਰ ਧਮਕੀਆਂ, ਕੁੱਟਮਾਰ ਅਤੇ ਪੇ੍ਰਸ਼ਾਨੀ ਤੋਂ ਥੱਕ ਗਿਆ ਸੀ।ਦੋਸ਼ ਹੈ ਕਿ 34 ਸਾਲਾ ਰੋਸ਼ਨ ’ਤੇ ਸ਼ਾਹੂਕਾਰਾਂ ਨੇ ਦਬਾਅ ਪਾਇਆ ਕਿ ਉਹ ਆਪਣੀ ਕਿਡਨੀ ਵੇਚ ਕੇ ਕਰਜ਼ਾ ਚੁਕਾ ਸਕਦਾ ਹੈ। ਇਸ ਬਾਰੇ ਕਿਸਾਨ ਨੇ ਦੱਸਿਆ ਕਿ ਇੱਕ ਏਜੰਟ ਪਹਿਲਾਂ ਉਸ ਨੂੰ ਕੋਲਕਾਤਾ ਲੈ ਗਿਆ, ਜਿੱਥੇ ਉਸ ਦਾ ਡਾਕਟਰੀ ਮੁਆਇਨਾ ਹੋਇਆ।ਫਿਰ ਕੰਬੋਡੀਆ ਵਿੱਚ ਉਸ ਦੀ ਕਿਡਨੀ ਕੱਢਣ ਲਈ ਉਸ ਦੀ ਸਰਜਰੀ ਹੋਈ।ਕਿਸਾਨ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਕਿਡਨੀ ਅੱਠ ਲੱਖ ਰੁਪਏ ਵਿੱਚ ਵੇਚ ਦਿੱਤੀ।ਜਿਵੇਂ ਹੀ ਮਾਮਲਾ ਵਧਦਾ ਗਿਆ, ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਚੰਦਰਪੁਰ ਦੇ ਪੁਲਸ ਸੁਪਰਡੈਂਟ ਸੁਦਰਸ਼ਨ ਮੁਮੱਕਾ ਨੇ ਦੱਸਿਆ ਕਿ ਛੇ ਮੁਲਜ਼ਮਾਂ ਵਿਰੁੱਧ ਗੈਰ-ਕਾਨੂੰਨੀ ਪੈਸੇ ਉਧਾਰ, ਜਬਰੀ ਵਸੂਲੀ, ਹਮਲਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ।ਪੀੜਤ ਕਿਸਾਨ ਦੀ ਡਾਕਟਰੀ ਜਾਂਚ ਕਰਵਾਈ ਜਾ ਰਹੀ ਹੈ। ਬੈਂਕ ਲੈਣ-ਦੇਣ ਤੋਂ ਮੁਲਜ਼ਮਾਂ ਦੇ ਖਾਤਿਆਂ ਵਿੱਚ ਨਿਯਮਤ ਤੌਰ ’ਤੇ ਪੈਸੇ ਆਉਣ ਦੇ ਸਬੂਤ ਸਾਹਮਣੇ ਆਏ ਹਨ। ਜੇਕਰ ਕਿਡਨੀ ਦੀ ਵਿਕਰੀ ਦੀ ਪੁਸ਼ਟੀ ਹੁੰਦੀ ਹੈ ਤਾਂ ਮਨੁੱਖੀ ਅੰਗਾਂ ਦੀ ਤਸਕਰੀ ਕਾਨੂੰਨ ਦੀਆਂ ਧਾਰਾਵਾਂ ਤਹਿਤ ਇੱਕ ਵੱਖਰੀ ਜਾਂਚ ਕੀਤੀ ਜਾਵੇਗੀ।
ਮਹਾਰਾਸ਼ਟਰ ਦੇ ਮੰਤਰੀ ਚੰਦਰਸ਼ੇਖਰ ਬਾਵਨਕੁਲੇ ਨੇ ਇਸ ਘਟਨਾ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ।ਉਨ੍ਹਾ ਕਿਹਾਇਹ ਬਹੁਤ ਗੰਭੀਰ ਮਾਮਲਾ ਹੈ।ਕਿਸੇ ਕਿਸਾਨ ਨੂੰ ਕਰਜ਼ਾ ਚੁਕਾਉਣ ਲਈ ਆਪਣੇ ਅੰਗ ਵੇਚਣ ਲਈ ਮਜਬੂਰ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਅਸੀਂ ਮਾਮਲੇ ਦੀ ਵਿਸਥਾਰ ਨਾਲ ਜਾਂਚ ਕਰ ਰਹੇ ਹਾਂ ਅਤੇ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਯਕੀਨੀ ਬਣਾਵਾਂਗੇ।