ਹਵਾਬਾਜ਼ੀ ਖੇਤਰ ’ਚ ਪੰਜਾਬ ਧੁਰੇ ਵਜੋਂ ਉਭਰੇਗਾ : ਮੁੱਖ ਮੰਤਰੀ

0
48

ਪਟਿਆਲਾ (ਰਾਜਿੰਦਰ ਸਿੰਘ ਥਿੰਦ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਕਿਹਾ ਕਿ ਹਵਾਬਾਜ਼ੀ ਖੇਤਰ ਵਿੱਚ ਪੰਜਾਬ ਧੁਰੇ ਵਜੋਂ ਉਭਰੇਗਾ, ਕਿਉਕਿ ਸੂਬਾ ਸਰਕਾਰ ਹਵਾਬਾਜ਼ੀ ਉਦਯੋਗ ਦੀਆਂ ਜ਼ਰੂਰਤਾਂ ਅਨੁਸਾਰ ਨੌਜਵਾਨਾਂ ਨੂੰ ਕਿਫਾਇਤੀ ਅਤੇ ਵਿਸ਼ਵ ਪੱਧਰੀ ਸਿਖਲਾਈ ਦੇ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਵੱਡੇ ਉਪਰਾਲੇ ਕਰ ਰਹੀ ਹੈ। ਇੱਥੇ ਟਰੇਨੀ ਪਾਇਲਟਾਂ ਅਤੇ ਏਅਰਕ੍ਰਾਫਟ ਇੰਜੀਨੀਅਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਵੱਕਾਰੀ ਸੰਸਥਾ ਤੋਂ ਸਿਖਲਾਈ ਲੈ ਰਹੇ ਸਾਰੇ ਵਿਦਿਆਰਥੀਆਂ ਨਾਲ ਸੰਵਾਦ ਰਚਾਉਣ ਲਈ ਪਹੁੰਚੇ ਹਨ। ਉਨ੍ਹਾ ਕਿਹਾ ਕਿ ਪਟਿਆਲਾ ਫਲਾਇੰਗ ਕਲੱਬ ਵਿਖੇ 32 ਸਿਖਿਆਰਥੀ ਪਾਇਲਟਾਂ ਅਤੇ ਪਟਿਆਲਾ ਏਅਰਕ੍ਰਾਫਟ ਮੇਨਟੀਨੈਂਸ ਇੰਜੀਨੀਅਰਿੰਗ ਕਾਲਜ ਦੇ 72 ਵਿਦਿਆਰਥੀਆਂ ਨਾਲ ਵਿਚਾਰ-ਚਰਚਾ ਸੈਸ਼ਨ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ। ਮਾਨ ਨੇ ਕਿਹਾ ਕਿ ਪ੍ਰਾਈਵੇਟ ਸੰਸਥਾਵਾਂ ਵਿੱਚ ਕਮਰਸ਼ੀਅਲ ਪਾਇਲਟ ਬਣਨ ਲਈ 40-45 ਲੱਖ ਰੁਪਏ ਖਰਚ ਆਉਦੇ ਹਨ, ਜਦੋਂ ਕਿ ਪਟਿਆਲਾ ਫਲਾਇੰਗ ਕਲੱਬ ਵਿੱਚ ਲਗਭਗ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ, ਜਿਸ ਨਾਲ 22-25 ਲੱਖ ਫੀਸ ਰਹਿ ਜਾਂਦੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਏਵੀਏਸ਼ਨ ਕੰਪਲੈਕਸ ਵਿਖੇ 7 ਕਰੋੜ ਰੁਪਏ ਦੀ ਲਾਗਤ ਨਾਲ ‘ਏਵੀਏਸ਼ਨ ਮਿਊਜ਼ੀਅਮ’ ਸਥਾਪਤ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਫਲਾਇੰਗ ਕਲੱਬ ਦੇਸ਼ ਭਰ ਵਿੱਚ ਸੱਤਵੇਂ ਸਥਾਨ ’ਤੇ ਹੈ ਅਤੇ ਕਲੱਬ ਇਸ ਸਮੇਂ ਸੱਤ ਸਿਖਲਾਈ ਜਹਾਜ਼ ਚਲਾਉਦਾ ਹੈ, ਜਿਸ ਵਿੱਚ ਪੰਜ ਸਿੰਗਲ-ਇੰਜਣ ਜਹਾਜ਼, ਦੋ ਮਲਟੀ-ਇੰਜਣ ਜਹਾਜ਼ ਅਤੇ ਇੱਕ ਟੈਕਨਾਮ ਪੀ 2006 ਟੀ (ਨਵਾਂ ਸ਼ਾਮਲ ਕੀਤਾ ਜਹਾਜ਼, ਜੋ ਇਟਲੀ ਤੋਂ 5 ਕਰੋੜ ਰੁਪਏ ਵਿੱਚ ਖਰੀਦਿਆ ਗਿਆ) ਸ਼ਾਮਲ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾ ਦੀ ਸਰਕਾਰ ਦਾ ਧਿਆਨ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀ ਦੇਣ ਵਾਲੇ ਬਣਨ। ਉਹਨਾ ਕਿਹਾ ਕਿ ਨੌਜਵਾਨਾਂ ਦੀ ਸਰਗਰਮ ਸ਼ਮੂਲੀਅਤ ਦੁਆਰਾ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਪੰਜਾਬ ਬਣਾਉਣਾ ਸਮੇਂ ਦੀ ਲੋੜ ਹੈ।ਵਿਦਿਆਰਥੀਆਂ ਨੂੰ ਰੌਸ਼ਨ ਤੇ ਖੁਸ਼ਹਾਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਆਪਣੇ ਜੀਵਨ ਵਿੱਚ ਨਵੀਂਆਂ ਬੁਲੰਦੀਆਂ ਛੂਹਣਗੇ।ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਆਪ ਦੇ ਸੂਬਾ ਜਨਰਲ ਸਕੱਤਰ ਬਲਤੇਜ ਪੰਨੂ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਚੇਤਨ ਸਿੰਘ ਜੌੜਾਮਾਜਰਾ, ਗੁਰਦੇਵ ਸਿੰਘ ਦੇਵ ਮਾਨ, ਪੀ ਆਰ ਟੀ ਸੀ ਚੇਅਰਮੈਨ ਰਣਜੋਧ ਸਿੰਘ ਹਡਾਣਾ, ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ, ਮੇਅਰ ਕੁੰਦਨ ਗੋਗੀਆ, ਡਿਪਟੀ ਮੇਅਰ ਜਗਦੀਪ ਸਿੰਘ ਜੱਗਾ, ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ, ਸਿਵਲ ਏਵੀਏਸ਼ਨ ਵਿਭਾਗ ਦੇ ਸਕੱਤਰ ਸੋਨਾਲੀ ਗਿਰੀ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐੱਸ ਐੱਸ ਪੀ ਵਰੁਣ ਸ਼ਰਮਾ, ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਅਤੇ ਪਟਿਆਲਾ ਫ਼ਲਾਇੰਗ ਕਲੱਬ ਦੇ ਟ੍ਰੇਨੀ ਪਾਇਲਟਾਂ ਸਮੇਤ ਏਅਰਕ੍ਰਾਫਟ ਮੇਂਟੀਨੈਂਸ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀ ਤੇ ਇੰਸਟ੍ਰਕਟਰ ਵੀ ਮੌਜੂਦ ਸਨ।