ਚੰਡੀਗੜ੍ਹ : ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਨੂੰ ਦੇਖਦਿਆਂ ਸਕੂਲਾਂ ਦੀਆਂ ਛੁੱਟੀਆਂ 7 ਜਨਵਰੀ ਤੱਕ ਵਧਾ ਦਿੱਤੀਆਂ ਹਨ | ਅਧਿਆਪਕਾਂ ਅਤੇ ਵੱਖ-ਵੱਖ ਯੂਨੀਅਨਾਂ ਵੱਲੋਂ ਛੁੱਟੀਆਂ ਵਧਾਉਣ ਦੀ ਮੰਗ ਕੀਤੀ ਜਾ ਰਹੀ ਸੀ | ਰਾਜ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਹਾਲਾਤ ਆਮ ਹੋਣ ‘ਤੇ 8 ਜਨਵਰੀ ਤੋਂ ਸਾਰੇ ਸਕੂਲ ਨਿਯਮਤ ਸਮੇਂ ਅਤੇ ਵਿਵਸਥਾ ਅਨੁਸਾਰ ਚਲਾਏ ਜਾਣਗੇ |
ਸੁਰੰਗ ‘ਚ ਟਰੇਨ ਤੇ ਮਾਲ ਗੱਡੀ ਦੀ ਟੱਕਰ, 88 ਜ਼ਖਮੀ
ਗੋਪੇਸ਼ਵਰ : ਚਮੋਲੀ ਜ਼ਿਲ੍ਹੇ ਵਿੱਚ ਵਿਸ਼ਨੂੰਗੜ੍ਹ-ਪੀਪਲਕੋਟੀ ਹਾਈਡਰੋਇਲੈਕਟਿ੍ਕ ਪ੍ਰੋਜੈਕਟ ਦੀ ਪੀਪਲਕੋਟੀ ਸੁਰੰਗ ਦੇ ਅੰਦਰ ਇੱਕ ਲੋਕੋ ਟਰੇਨ ਅਤੇ ਮਾਲ ਗੱਡੀ ਦੀ ਟੱਕਰ ਹੋਣ ਕਾਰਨ 88 ਵਿਅਕਤੀ ਜ਼ਖਮੀ ਹੋ ਗਏ | ਚਮੋਲੀ ਦੇ ਡੀ ਸੀ ਗੌਰਵ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ ਹੋਏ ਇਸ ਹਾਦਸੇ ਦੇ ਸਮੇਂ ਟਰੇਨ ਵਿੱਚ 109 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਮਜ਼ਦੂਰ ਸਨ | ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਹੈ | ਟੀ ਐੱਚ ਡੀ ਸੀ (ਇੰਡੀਆ) ਵੱਲੋਂ 444 ਮੈਗਾਵਾਟ ਦਾ ਹਾਈਡਰੋਇਲੈਕਟਿ੍ਕ ਪ੍ਰੋਜੈਕਟ ਚਮੋਲੀ ਜ਼ਿਲ੍ਹੇ ਵਿੱਚ ਹੇਲਾਂਗ ਅਤੇ ਪੀਪਲਕੋਟੀ ਦੇ ਵਿਚਕਾਰ ਅਲਕਨੰਦਾ ਨਦੀ ‘ਤੇ ਬਣਾਇਆ ਜਾ ਰਿਹਾ ਹੈ | ਇਸ ਪ੍ਰਾਜੈਕਟ ਰਾਹੀਂ ਚਾਰ ਟਰਬਾਈਨਾਂ ਦੀ ਮਦਦ ਨਾਲ 111 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਣੀ ਹੈ ਅਤੇ ਇਸ ਨੂੰ ਅਗਲੇ ਸਾਲ ਤੱਕ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ |
ਜਾਦੂ-ਟੂਣੇ ਦੇ ਸ਼ੱਕ ‘ਚ ਜੋੜੇ ਨੂੰ ਸਾੜ ਦਿੱਤਾ
ਡਿਫੂ : ਅਸਾਮ ਦੇ ਕਾਰਬੀ ਆਂਗਲੋਂਗ ਜ਼ਿਲ੍ਹੇ ਦੇ ਹੌਰਾਘਾਟ ਇਲਾਕੇ ਦੇ ਬੇਲੋਗੁਰੀ ਮੁੰਡਾ ਪਿੰਡ ਵਿੱਚ ਮੰਗਲਵਾਰ ਰਾਤ ਲੋਕਾਂ ਨੇ ਜਾਦੂ-ਟੂਣੇ ਵਿੱਚ ਸ਼ਾਮਲ ਹੋਣ ਦੇ ਸ਼ੱਕ ਵਿੱਚ ਇੱਕ ਜੋੜੇ ਨੂੰ ਜ਼ਿੰਦਾ ਸਾੜ ਦਿੱਤਾ | ਸ਼ਰਾਰਤੀ ਅਨਸਰਾਂ ਨੇ ਪਹਿਲਾਂ ਜੋੜੇ ‘ਤੇ ਉਨ੍ਹਾਂ ਦੇ ਘਰ ਦੇ ਅੰਦਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਤੇ ਫਿਰ ਘਰ ਨੂੰ ਅੱਗ ਲਗਾ ਦਿੱਤੀ |ਮਿ੍ਤਕਾਂ ਦੀ ਪਛਾਣ ਗਾਰਡੀ ਬਿਰੋਵਾ (43) ਅਤੇ ਮੀਰਾ ਬਿਰੋਵਾ (33) ਵਜੋਂ ਹੋਈ ਹੈ | ਅਧਿਕਾਰੀਆਂ ਨੇ ਕਿਹਾ ਕਿ ਇਹ ਇਲਾਕਾ ਅੰਧਵਿਸ਼ਵਾਸ ਦੀ ਲਪੇਟ ਵਿੱਚ ਹੈ ਅਤੇ ਲੋਕ ਅਜੇ ਵੀ ਅਫਵਾਹਾਂ ‘ਤੇ ਵਿਸ਼ਵਾਸ ਕਰਦੇ ਹਨ |




