ਨਵੀਂ ਦਿੱਲੀ : ਕੇਂਦਰੀ ਜਹਾਜ਼ਰਾਨੀ ਮੰਤਰੀ ਜਯੋਤਿਰਦਿਤਿਆ ਸਿੰਧੀਆ ਨੇ ਮੰਗਲਵਾਰ ਕਿਹਾ ਕਿ ਉਹ ਉਨ੍ਹਾਂ ਦੋਸ਼ਾਂ ’ਤੇ ਚਰਚਾ ਤੇ ਸਮੀਖਿਆ ਕਰਨਗੇ, ਜਿਸ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਰੈਂਕਫਰਟ ਹਵਾਈ ਅੱਡੇ ’ਤੇ ਦਿੱਲੀ ਆਉਣ ਵਾਲੀ ਉਡਾਣ ਤੋਂ ਲਾਹ ਦਿੱਤਾ ਗਿਆ ਸੀ। ਕੇਂਦਰੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਤੱਥਾਂ ਦੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਸੀ ਕਿ ਮਾਨ ਨੂੰ ਫਰੈਂਕਫਰਟ ਹਵਾਈ ਉਡਾਨ ਤੋਂ ਇਸ ਲਈ ਲਾਹਿਆ ਗਿਆ ਸੀ, ਕਿਉਂਕਿ ਉਹ ਨਸ਼ੇ ਵਿਚ ਸਨ। ਦੂਜੇ ਪਾਸੇ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਮਾਮਲੇ ਦੀ ਜਾਂਚ ਮੰਗਦਿਆਂ ਸਿੰਧੀਆ ਨੂੰ ਪੱਤਰ ਲਿਖਿਆ ਸੀ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈਮਾਨ ਸਾਹਿਬ ਨੇ ਛੇ ਮਹੀਨਿਆਂ ਵਿਚ ਜੋ ਕੀਤਾ ਹੈ, ਪਿਛਲੇ 75 ਸਾਲਾਂ ਵਿਚ ਕੋਈ ਸਰਕਾਰ ਨਹੀਂ ਕਰ ਸਕਦੀ। ਪੰਜਾਬ ਨੂੰ ਕੱਟੜ ਇਮਾਨਦਾਰ ਤੇ ਸਖਤ ਮਿਹਨਤ ਕਰਨ ਵਾਲਾ ਮੁੱਖ ਮੰਤਰੀ ਮਿਲਿਆ ਹੈ। ਆਪੋਜ਼ੀਸ਼ਨ ਮਾਨ ਦੇ ਕੰਮ ਵਿਚ ਕੋਈ ਨੁਕਸ ਲੱਭਣ ਵਿਚ ਨਾਕਾਮ ਰਹਿਣ ਤੋਂ ਬਾਅਦ ਚਿੱਕੜ ਸੁੱਟ ਰਹੀ ਹੈ, ਲੋਕ ਸਭ ਦੇਖ ਰਹੇ ਹਨ।




