ਚੰਡੀਗੜ੍ਹ : ਚੰਡੀਗੜ੍ਹ ਯੂਨੀਵਰਸਿਟੀ (ਘੜੰੂਆਂ) ਵਿਚ ਕੁਝ ਵਾਇਰਲ ਹੋਈਆਂ ਵੀਡੀਓਜ਼ ਕਰਕੇ ਵਿਦਿਆਰਥੀਆਂ ਵੱਲੋਂ ਪ੍ਰਗਟ ਕੀਤੇ ਗਏ ਰੋਸ ਅਤੇ ਅੰਦੋਲਨ ’ਤੇ ਪ੍ਰਤੀਕਰਮ ਕਰਦਿਆਂ ਪੰਜਾਬ ਸੀ ਪੀ ਆਈ ਨੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਆਖਿਆ ਹੈ ਕਿ ਵਿਦਿਆਰਥਣਾਂ ਦੇ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰਨਾ ਇਕ ਬਹੁਤ ਹੀ ਸੰਵੇਦਨਸ਼ੀਲ ਅਤੇ ਗੰਭੀਰ ਮਾਮਲਾ ਹੈ, ਜਿਸ ਦੀ ਛੇਤੀ ਤੋਂ ਛੇਤੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਹਨਾ ਆਖਿਆ ਕਿ ਇਹ ਵੀ ਨਾ ਹੋਵੇ ਕਿ ਬੇਕਸੂਰ ਵਿਦਿਆਰਥੀਆਂ ਨੂੰ ਲੋੜ ਤੋਂ ਵੱਧ ਜ਼ਲਾਲਤ ਦਾ ਸਾਹਮਣਾ ਕਰਨਾ ਪਵੇ। ਸਾਡੇ ਸਮਾਜ ਵਿਚ ਲੜਕੀਆਂ ਦੀ ਹੋਈ ਬਦਨਾਮੀ ਸਾਰੀ ਉਮਰ ਦਾ ਕਲੰਕ ਬਣ ਜਾਂਦੀ ਹੈ, ਜਿਸ ਨੂੰ ਸਹਿਣ ਕਰਨਾ ਬਹੁਤ ਔਖਾ ਹੁੰਦਾ ਹੈ। ਸਾਥੀ ਬਰਾੜ ਨੇ ਯੂਨੀਵਰਸਿਟੀ ਪ੍ਰਸ਼ਾਸਨ ’ਤੇ ਵੀ ਦੋਸ਼ ਲਾਇਆ ਹੈ, ਜਿਹੜਾ ਲੋੜੋਂ ਵੱਧ ਫੀਸਾਂ ਇਕੱਠੀਆਂ ਕਰਕੇ ਲੋੜੀਂਦੀਆਂ ਸਹੂਲਤਾਂ ਵੀ ਨਹੀਂ ਦੇ ਰਿਹਾ। ਕੁੜੀਆਂ ਲਈ ਸਾਂਝੇ ਤੇ ਬੇਪਰਦਾ ਗੁਸਲਖਾਨੇ ਪ੍ਰਦਾਨ ਕਰਨੇ ਅਤੀ ਨਿੰਦਣਯੋਗ ਅਤੇ ਸ਼ਰਮਨਾਕ ਕਾਰਵਾਈ ਹੈ। ਉਹਨਾ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਗੰਭੀਰ ਨੋਟਿਸ ਲੈ ਕੇ ਪ੍ਰਾਈਵੇਟ ਤੇ ਸਰਕਾਰੀ ਯੂਨੀਵਰਸਿਟੀਆਂ ਅਤੇ ਦੂਜੇ ਅਦਾਰਿਆਂ ਵਿਚ ਵਿਦਿਆਰਥੀ ਯੂਨੀਅਨਾਂ ਸਥਾਪਤ ਕਰਨੀਆਂ ਜ਼ਰੂਰੀ ਬਣਾ ਦੇਣੀਆਂ ਚਾਹੀਦੀਆਂ ਹਨ, ਤਾਂ ਜੋ ਵਿਦਿਆਰਥੀ ਆਪਣੇ ਮਸਲੇ ਅਧਿਕਾਰੀਆਂ ਨਾਲ ਬੈਠ ਕੇ ਹੱਲ ਕਰਵਾ ਲਿਆ ਕਰਨ। ਪ੍ਰਾਈਵੇਟ ਅਦਾਰਿਆਂ ਵਿਚ ਵਿਦਿਆਰਥੀਆਂ ਨੂੰ ਬੰਦ ਵਾਤਾਵਰਣ ਵਿਚ ਕੈਦੀਆਂ ਵਾਂਗ ਰੱਖਿਆ ਜਾਂਦਾ ਹੈ, ਜਿਥੇ ਕੋਈ ਸ਼ਿਕਾਇਤ ਵੀ ਨਹੀਂ ਕਰ ਸਕਦਾ।




