ਪੁੱਤ ਨੂੰ ਜਹਾਜ਼ ਚੜ੍ਹਾਉਣ ਚੱਲੇ ਪਿਤਾ ਸਮੇਤ 4 ਦੀ ਸੜਕ ਹਾਦਸੇ ‘ਚ ਮੌਤ

0
14

ਹੁਸ਼ਿਆਰਪੁਰ : ਦਸੂਹਾ-ਹੁਸ਼ਿਆਰਪੁਰ ਮਾਰਗ ‘ਤੇ ਸ਼ਨਿੱਚਰਵਾਰ ਤੜਕਸਾਰ ਅੱਡਾ ਦੋਸੜਕਾ ਵਿਖੇ ਕਾਰ ਤੇ ਬੱਸ ਦਰਮਿਆਨ ਹੋਈ ਟੱਕਰ ਵਿੱਚ 4 ਕਾਰ ਸਵਾਰਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ | ਮੌਕੇ ‘ਤੇ ਪੁੱਜੀ ਕਸਬਾ ਹਰਿਆਣਾ ਦੀ ਪੁਲਸ ਨੇ ਹਾਦਸਾਗ੍ਰਸਤ ਵਾਹਨ ਸੜਕ ਤੋਂ ਹਟਾ ਕੇ ਆਵਾਜਾਈ ਬਹਾਲ ਕਰਵਾਈ ਅਤੇ ਮਿ੍ਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ | ਪ੍ਰਾਪਤ ਵੇਰਵੇ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਕਸਬਾ ਦੌਲਤਪੁਰ ਦੇ ਪਿੰਡ ਚਲੇਟ ਦਾ ਵਸਨੀਕ ਸੁਖਵਿੰਦਰ ਸਿੰਘ ਆਪਣੇ ਵਿਦੇਸ਼ ਜਾ ਰਹੇ ਪੁੱਤਰ ਅੰਮਿ੍ਤ ਨੂੰ ਕਾਰ ‘ਤੇ ਅੰਮਿ੍ਤਸਰ ਏਅਰਪੋਰਟ ਛੱਡਣ ਜਾ ਰਿਹਾ ਸੀ | ਉਨ੍ਹਾਂ ਨਾਲ 3 ਹੋਰ ਪਰਵਾਰਕ ਮੈਂਬਰ ਤੇ ਦੋਸਤ ਸ਼ਾਮਲ ਸਨ | ਇਸ ਦੌਰਾਨ ਜਦੋਂ ਇਹ ਕਰੀਬ 6 ਵਜੇ ਅੱਡਾ ਦੋਸੜਕਾ ਕੋਲ ਦਸੂਹਾ-ਹੁਸ਼ਿਆਰਪੁਰ ਮਾਰਗ ‘ਤੇ ਚੜ੍ਹਨ ਲੱਗੇ ਤਾਂ ਸੰਘਣੀ ਧੁੰਦ ਹੋਣ ਕਾਰਨ ਦਸੂਹਾ ਤੋਂ ਹੁਸ਼ਿਆਰਪੁਰ ਨੂੰ ਜਾ ਰਹੀ ਪਠਾਨਕੋਟ ਡੀਪੂ ਦੀ ਪਨਬੱਸ ਨਾਲ ਕਾਰ ਦੀ ਟੱਕਰ ਹੋ ਗਈ | ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਸਵਾਰ ਸੁਖਵਿੰਦਰ ਸਿੰਘ (45) ਪੁੱਤਰ ਹਰਨਾਮ ਸਿੰਘ, ਸੁਸ਼ੀਲ ਕੁਮਾਰ (46) ਪੁੱਤਰ ਦੇਸਰਾਜ, ਬਿ੍ਜ ਕੁਮਾਰ (38) ਪੁੱਤਰ ਮਹਿੰਦਰ ਕੁਮਾਰ, ਅਰੁਣ ਕੁਮਾਰ (45) ਪੁੱਤਰ ਗੁਰਪਾਲ ਸਿੰਘ ਸਾਰੇ ਵਾਸੀ ਪਿੰਡ ਚਲੇਟ (ਦੌਲਤਪੁਰ, ਹਿਮਾਚਲ ਪ੍ਰਦੇਸ਼) ਦੀ ਮੌਤ ਹੋ ਗਈ, ਜਦੋਂ ਕਿ ਅੰਮਿ੍ਤ ਕੁਮਾਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਹਰਿਆਣਾ ਦੇ ਐੱਸ ਐੱਚ ਓ ਕਿਰਨ ਸਿੰਘ ਪੁਲਸ ਪਾਰਟੀ ਸਮੇਤ ਪਹੁੰਚੇ ਅਤੇ ਜ਼ਖਮੀ ਅੰਮਿ੍ਤ ਕੁਮਾਰ ਅਤੇ ਮਿ੍ਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾ ਕੇ ਆਵਾਜਾਈ ਬਹਾਲ ਕਰਵਾਈ ਹੈ |