ਚੰਡੀਗੜ੍ਹ : ਚੰਡੀਗੜ੍ਹ ਦੇ ਸਕੂਲਾਂ ਵਿਚ ਸਰਦੀ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ | ਹੁਣ ਚੰਡੀਗੜ੍ਹ ਵਿਚ ਸਕੂਲ 19 ਜਨਵਰੀ ਨੂੰ ਖੁੱਲ੍ਹਣਗੇ | ਇਹ ਛੁੱਟੀਆਂ ਹੱਡ ਚੀਰਵੀਂ ਠੰਢ ਹੋਣ ਕਰਕੇ ਵਧਾਈਆਂ ਗਈਆਂ ਹਨ | ਯੂ ਟੀ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਿਰਮਲਾ ਨੇ ਮੰਗਲਵਾਰ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕਿ ਸਕੂਲਾਂ ਦੇ ਪਹਿਲਾਂ ਵਾਲੇ ਹੁਕਮਾਂ ਵਿਚ ਵਾਧਾ ਕੀਤਾ ਗਿਆ ਹੈ ਤੇ ਛੁੱਟੀਆਂ 17 ਤੱਕ ਵਧਾਈਆਂ ਗਈਆਂ ਹਨ, 18 ਜਨਵਰੀ ਨੂੰ ਐਤਵਾਰ ਹੈ ਤੇ ਹੁਣ ਸਕੂਲ 19 ਨੂੰ ਖੁੱਲ੍ਹਣਗੇ | ਸਕੂਲ ਆਪਣੇ ਹਿਸਾਬ ਨਾਲ ਵਿਦਿਆਰਥੀਆਂ ਨੂੰ ਆਨਲਾਈਨ ਜਮਾਤਾਂ ਲਾ ਸਕਣਗੇ, ਪਰ ਅੱਠਵੀਂ ਜਮਾਤ ਤੇ ਨੌਵੀਂ ਤੇ ਗਿਆਰ੍ਹਵੀਂ ਜਮਾਤ ਲਈ ਸਕੂਲ ਫਿਜ਼ੀਕਲੀ ਬੰਦ ਰਹਿਣਗੇ | ਬੋਰਡ ਜਮਾਤਾਂ ਵਾਲੇ ਵਿਦਿਆਰਥੀਆਂ ਨੂੰ ਸਕੂਲ ਸੱਦਿਆ ਜਾ ਸਕਦਾ ਹੈ ਤੇ ਸ਼ਾਮ ਦੀਆਂ ਸ਼ਿਫਟਾਂ ਵਿਚ ਚਲਦੇ ਸਕੂਲ ਸਵੇਰ ਵਾਲੀਆਂ ਸ਼ਿਫਟਾਂ ਵਿਚ ਹੀ ਚਲਾਏ ਜਾ ਸਕਣਗੇ |
ਫਾਜ਼ਿਲਕਾ ‘ਚ ਹੋਵੇਗਾ ਸੂਬਾ ਪੱਧਰੀ ਗਣਤੰਤਰ ਦਿਵਸ ਸਮਾਗਮ
ਚੰਡੀਗੜ੍ਹ : ਗਣਤੰਤਰ ਦਿਵਸ ਦਾ ਸੂਬਾ ਪੱਧਰੀ ਸਮਾਗਮ ਪਟਿਆਲਾ ਤੋਂ ਫਾਜ਼ਿਲਕਾ ਤਬਦੀਲ ਕਰ ਦਿੱਤਾ ਗਿਆ ਹੈ | ਹੁਣ ਰਾਜਪਾਲ ਫਾਜ਼ਿਲਕਾ ਵਿੱਚ ਝੰਡਾ ਲਹਿਰਾਉਣਗੇ, ਜਦ ਕਿ ਪਟਿਆਲਾ ਵਿਚ ਕੌਮੀ ਝੰਡਾ ਸਿੱਖਿਆ ਮੰਤਰੀ ਹਰਜੋਤ ਬੈਂਸ ਲਹਿਰਾਉਣਗੇ | ਪਹਿਲਾਂ ਰਾਜ ਪੱਧਰੀ ਸਮਾਗਮ ਪਟਿਆਲਾ ਵਿੱਚ ਹੋਣਾ ਸੀ |
ਈਰਾਨ ਵੱਲੋਂ ਵਿਦੇਸ਼ ‘ਚ ਫੋਨ ਕਰਨ ਦੀ ਖੁੱਲ੍ਹ
ਦੁਬਈ : ਈਰਾਨ ਨੇ ਮਹਿੰਗਾਈ ਅਤੇ ਮੁਦਰਾ ਦੇ ਮੁੱਲ ਵਿੱਚ ਗਿਰਾਵਟ ਨੂੰ ਲੈ ਕੇ ਦੇਸ਼-ਵਿਆਪੀ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਮੰਗਲਵਾਰ ਪਹਿਲੀ ਵਾਰ ਲੋਕਾਂ ਨੂੰ ਆਪਣੇ ਮੋਬਾਇਲ ਫੋਨਾਂ ਰਾਹੀਂ ਦੇਸ਼ ਤੋਂ ਬਾਹਰ ਰਹਿੰਦੇ ਆਪਣੇ ਸਕੇ-ਸਬੰਧੀਆਂ ਨੂੰ ਫੋਨ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ | ਹਾਲਾਂ ਕਿ ਇੰਟਰਨੈੱਟ ਜਾਂ ਟੈਕਸਟ (ਮੈਸੇਜਿੰਗ) ਸੇਵਾਵਾਂ ‘ਤੇ ਲੱਗੀਆਂ ਪਾਬੰਦੀਆਂ ਅਜੇ ਵੀ ਜਾਰੀ ਹਨ | ਪਿਛਲੇ ਕਈ ਦਿਨਾਂ ਤੋਂ ਜਾਰੀ ਦੇਸ਼-ਵਿਆਪੀ ਵਿਰੋਧ ਪ੍ਰਦਰਸ਼ਨਾਂ ਵਿਚ ਜਾਨਾਂ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 646 ਹੋ ਗਈ ਹੈ |




