ਚੰਡੀਗੜ੍ਹ : ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦੇ ਮਾਮਲੇ ਵਿਚ ਗਠਿਤ ਵਿਸ਼ੇਸ਼ ਜਾਂਚ ਟੀਮ ਐੱਸ ਪੀ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਮੰਗਲਵਾਰ ਐਸ ਜੀ ਪੀ ਸੀ ਦੇ ਸਥਾਨਕ ਦਫ਼ਤਰ ਵਿਚ ਪੁੱਜੀ, ਜਿੱਥੇ ਉਨ੍ਹਾਂ ਸਕੱਤਰ ਸੁਖਮਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਤੇ ਲੋੜੀਂਦਾ ਰਿਕਾਰਡ ਮੰਗਿਆ | ਉਨ੍ਹਾ ਅਰਜ਼ੀ ਦਿੱਤੀ ਕਿ ਵਿਸ਼ੇਸ਼ ਜਾਂਚ ਟੀਮ ਨੂੰ ਰਿਕਾਰਡ ਮੁਹੱਈਆ ਕਰਵਾਇਆ ਜਾਵੇ | ਸਕੱਤਰ ਨੇ ਪੁਲੀਸ ਟੀਮ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸੰਬੰਧੀ ਉਚ ਅਧਿਕਾਰੀਆਂ ਨਾਲ ਰਾਬਤਾ ਬਣਾਉਣ ਤੋਂ ਬਾਅਦ ਹੀ ਦੱਸ ਸਕਦੇ ਹਨ |
ਜ਼ਿਕਰਯੋਗ ਹੈ ਕਿ ਲਾਪਤਾ ਸਰੂਪ ਮਾਮਲੇ ਵਿੱਚ 7 ਦਸੰਬਰ ਨੂੰ ਥਾਣਾ ਇਸਲਾਮਾਬਾਦ ਵਿਖੇ ਆਈ ਪੀ ਸੀ ਦੀ ਧਾਰਾ 295, 295ਏ, 120 ਬੀ, 409 ਅਤੇ 465 ਹੇਠ ਕੇਸ ਦਰਜ ਕੀਤਾ ਗਿਆ ਸੀ | ਇਸ ਮਾਮਲੇ ਵਿੱਚ 16 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ, ਇਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਤੇ ਮੌਜੂਦਾ ਕਰਮਚਾਰੀ ਅਤੇ ਹੋਰ ਸ਼ਾਮਿਲ ਸਨ |




