ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਸਖ਼ਤ ਦਬਾਅ ਤੋਂ ਬਾਅਦ ਦੇਸ਼ ਦੀਆਂ ਪ੍ਰਮੁੱਖ ਡਿਲੀਵਰੀ ਕੰਪਨੀਆਂ ਨੇ 10 ਮਿੰਟ ਦੇ ਅੰਦਰ ਸਾਮਾਨ ਪਹੁੰਚਾਉਣ ਦੀ ਵਿਵਾਦਤ ਸ਼ਰਤ ਨੂੰ ਵਾਪਸ ਲੈ ਲਿਆ ਹੈ | ਕੇਂਦਰੀ ਕਿਰਤ ਮੰਤਰੀ ਮਨਸੁਖ ਮਾਂਡਵੀਆ ਨੇ ਬਲਿੰਕਿਟ, ਜ਼ੈਪਟੋ, ਜ਼ੋਮੈਟੋ ਅਤੇ ਸਵਿਗੀ ਵਰਗੇ ਪਲੇਟਫਾਰਮਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ, ਜਿਸ ਵਿੱਚ ਡਿਲੀਵਰੀ ਦੇ ਘੱਟ ਸਮੇਂ ਕਾਰਨ ਵਰਕਰਾਂ ‘ਤੇ ਪੈ ਰਹੇ ਮਾਨਸਿਕ ਅਤੇ ਸਰੀਰਕ ਦਬਾਅ ਦਾ ਮੁੱਦਾ ਚੁੱਕਿਆ ਗਿਆ | ਬਲਿੰਕਿਟ ਨੇ ਪਹਿਲ ਕਰਦਿਆਂ ਆਪਣੀ ਬ੍ਰਾਂਡਿੰਗ ਵਿੱਚੋਂ ’10 ਮਿੰਟ’ ਦਾ ਸ਼ਬਦ ਹਟਾ ਦਿੱਤਾ ਹੈ ਅਤੇ ਹੁਣ ਆਪਣੀ ਟੈਗਲਾਈਨ ਬਦਲ ਕੇ ‘30,000 ਤੋਂ ਵੱਧ ਉਤਪਾਦ ਤੁਹਾਡੇ ਬੂਹੇ ‘ਤੇ’ ਕਰ ਦਿੱਤੀ ਹੈ | ਆਉਣ ਵਾਲੇ ਦਿਨਾਂ ਵਿੱਚ ਬਾਕੀ ਕੰਪਨੀਆਂ ਵੱਲੋਂ ਵੀ ਅਜਿਹੇ ਕਦਮ ਚੁੱਕੇ ਜਾਣ ਦੀ ਉਮੀਦ ਹੈ ਤਾਂ ਜੋ ਡਿਲੀਵਰੀ ਕਾਮਿਆਂ ਲਈ ਕੰਮ ਦੇ ਹਾਲਾਤ ਸੁਖਾਵੇਂ ਬਣਾਏ ਜਾ ਸਕਣ | ਦੱਸ ਦੇਈਏ ਕਿ ਰਾਘਵ ਚੱਢਾ ਨੇ ਸੰਸਦ ਦੇ ਸਰਦੀਆਂ ਦੇ ਸੈਸ਼ਨ ਵਿੱਚ ਗਿਗ ਅਤੇ ਪਲੇਟਫਾਰਮ ਵਰਕਰਾਂ ਦਾ ਮੁੱਦਾ ਉਠਾਇਆ ਸੀ | ਉਨ੍ਹਾਂ ਕਿਹਾ ਕਿ ਇਨ੍ਹਾਂ ਵਰਕਰਾਂ ਦੀਆਂ ਸਥਿਤੀਆਂ ਰੋਜ਼ਾਨਾ ਦਿਹਾੜੀਦਾਰ ਮਜ਼ਦੂਰਾਂ ਨਾਲੋਂ ਵੀ ਮਾੜੀਆਂ ਹੋ ਗਈਆਂ ਹਨ |
ਡਿਲੀਵਰੀ ਬੁਆਏ, ਰਾਈਡਰ, ਡਰਾਈਵਰ ਅਤੇ ਟੈਕਨੀਸ਼ੀਅਨ ਸਤਿਕਾਰ, ਸੁਰੱਖਿਆ ਅਤੇ ਉਚਿਤ ਤਨਖਾਹ ਦੇ ਹੱਕਦਾਰ ਹਨ | ਉਨ੍ਹਾਂ ਮੰਗ ਕੀਤੀ ਕਿ 10-ਮਿੰਟ ਦੀ ਡਿਲੀਵਰੀ ਦੇ ਕਲਚਰ ਨੂੰ ਖਤਮ ਕੀਤਾ ਜਾਵੇ | ਗਿਗ ਵਰਕਰਾਂ ਨੂੰ ਦੂਜੇ ਕਰਮਚਾਰੀਆਂ ਵਾਂਗ ਹੀ ਲਾਭ ਮਿਲਣੇ ਚਾਹੀਦੇ ਹਨ |





