ਸਕੂਲਾਂ ਦਾ ਸਮਾਂ ਬਦਲਿਆ

0
11

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੰਘਣੀ ਧੁੰਦ ਤੇ ਵਧ ਰਹੀ ਠੰਢ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਪੰਜਾਬ ਸਰਕਾਰ ਦੇ ਸਕੱਤਰ ਅਨਿੰਦਿੱਤਾ ਮਿੱਤਰਾ ਨੇ ਵੀਰਵਾਰ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕਿ ਇਹ ਸਮਾਂ 16 ਤੋਂ 21 ਜਨਵਰੀ ਲਈ ਲਾਗੂ ਹੋਵੇਗਾ। ਸੁਬੇ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲ ਸਵੇਰ ਦਸ ਵਜੇ ਤੋਂ ਦੁਪਹਿਰ ਤਿੰਨ ਵਜੇ ਤੱਕ ਖੁੱਲ੍ਹਣਗੇ, ਜਦ ਕਿ ਸਮੂਹ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਸਵੇਰ 10 ਤੋਂ ਦੁਪਹਿਰ 3:20 ਵਜੇ ਤੱਕ ਖੁੱਲ੍ਹੇ ਰਹਿਣਗੇ।
ਠੰਢ ਤੋਂ ਅਜੇ ਰਾਹਤ ਨਹੀਂ
ਚੰਡੀਗੜ੍ਹ : ਪੰਜਾਬ ਤੇ ਹਰਿਆਣਾ ‘ਚ ਠੰਢ ਹੋਰ ਵਧਦੀ ਜਾ ਰਹੀ ਹੈ। ਕੁਝ ਇਲਾਕਿਆਂ ‘ਚ ਤਾਂ ਤਾਪਮਾਨ ਆਮ ਨਾਲੋਂ ਕਾਫੀ ਘੱਟ ਰਿਹਾ ਅਤੇ ਕਈ ਖੇਤਰਾਂ ਵਿੱਚ ਜ਼ੀਰੋ ਡਿਗਰੀ ਦੇ ਨੇੜੇ ਪਹੁੰਚ ਗਿਆ। ਦੂਜੇ ਪਾਸੇ ਕਸ਼ਮੀਰ ਵਿੱਚ ਰਾਤ ਦਾ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ। ਹਿਸਾਰ ਸਭ ਤੋਂ ਠੰਢਾ ਰਿਹਾ, ਜਿੱਥੇ ਤਾਪਮਾਨ ਮਨਫੀ 0.2 ਡਿਗਰੀ ਰਿਕਾਰਡ ਕੀਤਾ। ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਪਿਛਲੇ ਕੁਝ ਸਾਲਾਂ ਵਿੱਚ ਹਿਸਾਰ ਵਿੱਚ ਜ਼ੀਰੋ ਤੋਂ ਵੀ ਘੱਟ ਤਾਪਮਾਨ ਰਿਹਾ। ਕਈ ਥਾਵਾਂ ‘ਤੇ ਧੁੰਦ ਕਾਰਨ ਦਿਸਣ ਹੱਦ ਕਾਫ਼ੀ ਘੱਟ ਰਹੀ ਅਤੇ ਹਰਿਆਣਾ ਦੇ ਕੁਝ ਥਾਵਾਂ ‘ਤੇ ਵੀ ਤਾਪਮਾਨ ਪਿਛਲੇ ਦਿਨਾਂ ਤੋਂ ਘੱਟ ਦਰਜ ਕੀਤਾ ਗਿਆ। ਪੰਜਾਬ ਦਾ ਬਠਿੰਡਾ ਸ਼ਹਿਰ 1.6 ਡਿਗਰੀ ਨਾਲ ਸਭ ਤੋਂ ਠੰਢਾ ਰਿਹਾ। ਚੰਡੀਗੜ੍ਹ ‘ਚ ਵੀ ਤਾਪਮਾਨ 4.5 ਡਿਗਰੀ ਰਿਕਾਰਡ ਕੀਤਾ, ਜੋ ਕਿ ਸਾਧਾਰਨ ਤਾਪਮਾਨ ਨਾਲੋਂ 4 ਡਿਗਰੀ ਘੱਟ ਸੀ। ਕਸ਼ਮੀਰ ਵਿੱਚ ਰਾਤ ਦੇ ਤਾਪਮਾਨ ਵਿੱਚ ਥੋੜ੍ਹਾ ਵਾਧਾ ਹੋਇਆ ਹੈ, ਪਰ ਪਾਰਾ ਹਾਲੇ ਵੀ ਜ਼ੀਰੋ ਡਿਗਰੀ ਤੋਂ ਹੇਠਾਂ ਹੈ। ਸ੍ਰੀਨਗਰ ਵਿੱਚ ਰਾਤ ਦਾ ਤਾਪਮਾਨ ਮਨਫੀ 3.9 ਡਿਗਰੀ ਸੈਲਸੀਅਸ ਰਿਹਾ, ਜੋ ਪਿਛਲੇ ਦਿਨ ਦੇ ਮਨਫੀ 5.2 ਡਿਗਰੀ ਤੋਂ ਵੱਧ ਹੈ। ਠੰਢ ਕਾਰਨ ਡੱਲ ਝੀਲ ਸਣੇ ਕਈ ਤਲਾਬਾਂ ਦਾ ਪਾਣੀ ਜੰਮਿਆ ਹੋਇਆ ਹੈ। ਦੱਖਣੀ ਕਸ਼ਮੀਰ ਦੇ ਸ਼ੋਪੀਆਂ ਵਿੱਚ ਤਾਪਮਾਨ ਸਭ ਤੋਂ ਵੱਧ ਰਿਹਾ। ਪੁਲਵਾਮਾ ਵਿੱਚ ਵੀ ਤਾਪਮਾਨ -6.1 ਡਿਗਰੀ ਰਿਕਾਰਡ ਕੀਤਾ। ਦੱਖਣੀ ਕਸ਼ਮੀਰ ਦੇ ਸੈਰਸਪਾਟਾ ਕੇਂਦਰ ਪਹਿਲਗਾਮ ਵਿੱਚ ਵੀ ਤਾਪਮਾਨ ਮਨਫੀ 5 ਡਿਗਰੀ ਰਿਹਾ। ਕਸ਼ਮੀਰ ਵਾਦੀ ਇਸ ਵੇਲੇ ‘ਚਿੱਲਾ-ਏ-ਕਲਾਨ’ ਦੇ ਚਰਮਕਾਲ ਵਿੱਚ ਹੈ, ਜੋ 40 ਦਿਨਾਂ ਦਾ ਸਭ ਤੋਂ ਠੰਢਾ ਸਮਾਂ ਹੈ।