ਅਸ਼ਲੀਲ ਸਮਗਰੀ ਨੂੰ ਰੋਕਣ ਲਈ ਐੱਕਸ ਨੇ ਚੁੱਕੇ ਸਖ਼ਤ ਕਦਮ

0
12

ਨਵੀਂ ਦਿੱਲੀ : ਮਾਈਕ੍ਰੋਬਲੋਗਿੰਗ ਪਲੇਟਫਾਰਮ ਐਕਸ ਨੇ ਅਸ਼ਲੀਲ ਡੀਪਫੇਕ ਨੂੰ ਲੈ ਕੇ ਹੋਏ ਭਾਰੀ ਵਿਰੋਧ ਤੋਂ ਬਾਅਦ ਆਪਣੇ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ ‘ਗਰੋਕ’ ਰਾਹੀਂ ਅਸਲ ਲੋਕਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਬਣਾਉਣ ‘ਤੇ ਰੋਕ ਲਗਾਉਣ ਲਈ ਨਵੇਂ ਤਕਨੀਕੀ ਉਪਾਅ ਲਾਗੂ ਕੀਤੇ ਹਨ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਪਾਬੰਦੀ ਸਾਰੇ ਉਪਭੋਗਤਾਵਾਂ ‘ਤੇ ਲਾਗੂ ਹੋਵੇਗੀ ਅਤੇ ਹੁਣ ਗਰੋਕ ਰਾਹੀਂ ਤਸਵੀਰਾਂ ਬਣਾਉਣ ਜਾਂ ਐਡਿਟ ਕਰਨ ਦੀ ਸਹੂਲਤ ਸਿਰਫ਼ ਪੈਸੇ ਦੇ ਕੇ ਸਬਸਕ੍ਰਿਪਸ਼ਨ ਲੈਣ ਵਾਲੇ ਮੈਂਬਰਾਂ ਲਈ ਹੀ ਉਪਲੱਬਧ ਹੋਵੇਗੀ, ਤਾਂ ਜੋ ਦੁਰਵਰਤੋਂ ਕਰਨ ਵਾਲਿਆਂ ਦੀ ਜਵਾਬਦੇਹੀ ਤੈਅ ਕੀਤੀ ਜਾ ਸਕੇ। ਐਕਸ ਨੇ ਉਨ੍ਹਾਂ ਖੇਤਰਾਂ ਵਿੱਚ ਜੀਓ-ਬਲਾਕਿੰਗ ਵੀ ਲਾਗੂ ਕਰ ਦਿੱਤੀ ਹੈ ਜਿੱਥੇ ਅਜਿਹੀ ਸਮੱਗਰੀ ਗੈਰ-ਕਾਨੂੰਨੀ ਹੈ। ਭਾਰਤ ਦੇ ਆਈ ਟੀ ਮੰਤਰਾਲੇ ਵੱਲੋਂ ਗਰੋਕ ਰਾਹੀਂ ਤਿਆਰ ਕੀਤੀ ਗਈ ਅਸ਼ਲੀਲ ਸਮੱਗਰੀ ‘ਤੇ ਸਖ਼ਤ ਇਤਰਾਜ਼ ਪ੍ਰਗਟਾਉਣ ਅਤੇ ਕਾਰਵਾਈ ਦੀ ਚੇਤਾਵਨੀ ਦੇਣ ਤੋਂ ਬਾਅਦ, ਐਕਸ ਨੇ ਆਪਣੀ ਗਲਤੀ ਮੰਨਦਿਆਂ ਲੱਗਭੱਗ 3,500 ਇਤਰਾਜ਼ਯੋਗ ਸਮੱਗਰੀਆਂ ਨੂੰ ਹਟਾਇਆ ਅਤੇ 600 ਤੋਂ ਵੱਧ ਖਾਤਿਆਂ ਨੂੰ ਡਿਲੀਟ ਕਰ ਦਿੱਤਾ ਹੈ।