ਸ੍ਰੀ ਮੁਕਤਸਰ ਸਾਹਿਬ : ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਾਲੀ ਪੈਰੋਕਾਰਾਂ ਦੀ ਸ਼ਹਾਦਤ ਨੂੰ ਸਮਰਪਿਤ ਮਾਘੀ ਮੇਲੇ ਮੌਕੇ ਮੁਕਤਸਰ ਦੇ ਲੰਬੀ ਢਾਬਾ ਵਿਖੇ ਲਗਾਈ ਗਈ ਵਿਸ਼ਵ ਪ੍ਰਸਿੱਧ ਪਸ਼ੂ ਮੰਡੀ ਵਿੱਚ ਕਰੋੜਾਂ ਰੁਪਏ ਦੇ ਘੋੜੇ ਤੇ ਹੋਰ ਪਸ਼ੂ ਵਿਕਣ ਲਈ ਲਿਆਂਦੇ ਗਏ ਹਨ। ਕੁੱਤੇ, ਬਿੱਲੀਆਂ ਅਤੇ ਹੋਰ ਜਾਨਵਰ ਵੀ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਹੇ ਹਨ। ਰਾਜਸਥਾਨ ਦੇ ਜਲੌਰ ਜ਼ਿਲ੍ਹੇ ਤੋਂ ਲਿਆਂਦਾ ਗਿਆ ਦੋ ਕਰੋੜ ਰੁਪਏ ਦੀ ਕੀਮਤ ਵਾਲਾ ਕਾਲਾ ਮਾਰਵਾੜੀ ਘੋੜਾ ਸ਼ਿਵਰਾਜ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਦੇ ਸਟੱਡ ਫਾਰਮ ਤੋਂ ਲੱਗਭੱਗ 10 ਸਾਲ ਪਹਿਲਾਂ ਖਰੀਦਿਆ ਗਿਆ ਘੋੜਾ ਮਹਾਰਾਜਾ ਵੀ ਪ੍ਰਦਰਸ਼ਨੀ ਲਈ ਲਿਆਂਦਾ ਗਿਆ ਹੈ। ਲੱਗਭੱਗ 100 ਕਰੋੜ ਦੇ ਘੋੜੇ ਵਿਕਰੀ ਅਤੇ ਪ੍ਰਦਰਸ਼ਨੀ ਲਈ ਲਿਆਂਦੇ ਗਏ ਹਨ। 18 ਜਨਵਰੀ ਤੱਕ ਚੱਲਣ ਵਾਲੀ ਇਸ ਪਸ਼ੂ ਮੰਡੀ ਨੇ ਉੱਤਰ ਪ੍ਰਦੇਸ਼, ਗੁਜਰਾਤ, ਤਾਮਿਲਨਾਡੂ, ਹਰਿਆਣਾ, ਰਾਜਸਥਾਨ ਤੇ ਮੁੰਬਈ ਸਮੇਤ ਹੋਰ ਰਾਜਾਂ ਦੇ ਪਸ਼ੂ ਮਾਲਕਾਂ ਨੂੰ ਆਕਰਸ਼ਿਤ ਕੀਤਾ ਹੈ, ਜਦੋਂ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਪਸ਼ੂ ਮਾਲਕ ਆਪਣੇ ਘੋੜੇ ਅਤੇ ਹੋਰ ਜਾਨਵਰ ਸਿਰਫ਼ ਪ੍ਰਦਰਸ਼ਨੀ ਲਈ ਲਿਆਉਂਦੇ ਹਨ, ਜਦ ਕਿ ਕਰੋੜਾਂ ਰੁਪਏ ਦੇ ਪਸ਼ੂਆਂ ਦੀ ਮੇਲੇ ਵਿਚ ਖਰੀਦੋ-ਫਰੋਖਤ ਹੁੰਦੀ ਹੈ। ਰਾਜਸਥਾਨ ਦੇ ਰੇਵਾੜਾ ਪਿੰਡ ਤੋਂ ਪਸ਼ੂ ਮੰਡੀ ਵਿੱਚ ਆਏ ਨਾਰਾਇਣ ਸਿੰਘ ਨੇ ਕਿਹਾ ਕਿ ਉਸ ਦਾ ਮਾਰਵਾੜੀ ਨਸਲ ਦਾ ਘੋੜਾ, ਸ਼ਿਵਰਾਜ 2 ਕਰੋੜ ਦਾ ਹੈ। ਉਹ ਇਸ ਨੂੰ ਇੱਥੇ ਵਿਕਰੀ ਲਈ ਲੈ ਕੇ ਆਇਆ ਹੈ। ਉਸ ਦਾ ਘੋੜਾ 68 ਇੰਚ ਲੰਬਾ ਅਤੇ ਪੰਜ ਸਾਲ ਦਾ ਹੈ। ਉਸ ਦਾ ਘੋੜਾ 2021 ਵਿੱਚ ਰਾਜਸਥਾਨ ਵਿੱਚ ਹੋਏ ਇੱਕ ਪ੍ਰਦਰਸ਼ਨੀ ਮੁਕਾਬਲੇ ਵਿਚ ਜੇਤੂ ਰਿਹਾ ਸੀ।





