ਜਗਮੀਤ ਬਰਾੜ ਹੁਣ ਭਗਵਾਂਧਾਰੀ

0
15

to

ਚੰਡੀਗੜ੍ਹ : ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਸਾਬਕਾ ਓ ਐੱਸ ਡੀ ਓਂਕਾਰ ਸਿੰਘ ਸਣੇ 4 ਆਗੂ ਸ਼ੁੱਕਰਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਵਿਚ ਸ਼ਾਮਲ ਕਰਵਾਇਆ।  ਅਕਾਲੀ ਦਲ ਪੁਨਰ ਸੁਰਜੀਤੀ ਤੋਂ ਅਸਤੀਫਾ ਦੇ ਗਏ ਚਰਨਜੀਤ ਸਿੰਘ ਬਰਾੜ  ਤੇ ਰਿਪਜੀਤ ਬਰਾੜ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਦਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚੰਡੀਗੜ੍ਹ ਦੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦਫ਼ਤਰ ਵਿਖੇ ਪਾਰਟੀ ਵਿੱਚ ਆਉਣ ‘ਤੇ ਸਵਾਗਤ ਕੀਤਾ।  ਚਰਨਜੀਤ ਬਰਾੜ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਸੀ, ਪਰ ਦੋ ਦਿਨ ਪਹਿਲਾਂ ਉਸ ਦਲ ਨੂੰ ਵੀ ਛੱਡ ਕੇ ਹੁਣ ਭਾਜਪਾ ਦਾ ਰੁਖ਼ ਕੀਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਏ ਆਗੂਆਂ ਨੇ ਪੰਜਾਬ ਦੀ ਭਲਾਈ ਲਈ ਅਹਿਮ ਕਦਮ ਚੁੱਕਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਪੰਜਾਬ ਵਿੱਚ ਉਦਯੋਗਪਤੀਆਂ ਤੋਂ ਲੈ ਕੇ ਆਮ ਲੋਕਾਂ ਤੱਕ ਡਰ ਦਾ ਮਾਹੌਲ ਹੈ ਅਤੇ ਪੀ ਐੱਮ ਮੋਦੀ ਦੀ ਅਗਵਾਈ ਵਿੱਚ ਭਾਜਪਾ ਪੰਜਾਬ ਨੂੰ ਮਜ਼ਬੂਤ ਕਰੇਗੀ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਅੱਜ ਬਿਨਾਂ ਸਰਕਾਰ ਦੇ ਚੱਲ ਰਿਹਾ ਹੈ ਅਤੇ ਲੋਕ ਭਾਜਪਾ ਨੂੰ ਇੱਕੋ-ਇੱਕ ਉਮੀਦ ਵਜੋਂ ਦੇਖ ਰਹੇ ਹਨ। ਦੂਜੇ ਪਾਸੇ, ਕਦੇ ਭਗਵੰਤ ਮਾਨ ਦੇ ਬੇਹੱਦ ਭਰੋਸੇਮੰਦ ਰਹੇ ਪ੍ਰੋ. ਓਂਕਾਰ ਸਿੰਘ ਦਾ ਭਾਜਪਾ ਵਿੱਚ ਜਾਣਾ ਮੁੱਖ ਮੰਤਰੀ ਲਈ ਵੱਡੀ ਸਿਆਸੀ ਚੁਣੌਤੀ ਮੰਨਿਆ ਜਾ ਰਿਹਾ ਹੈ। ਲੰਬੀ ਹਲਕੇ ਦੇ ਪਿੰਡ ਰੋੜਾਂਵਾਲੀ ਨਾਲ ਸੰਬੰਧਤ ਪ੍ਰੋ. ਓਂਕਾਰ ਸਿੰਘ ਦੋ ਸਾਲ ਤੱਕ ਮੁੱਖ ਮੰਤਰੀ ਦੇ ਓ ਐੱਸ ਡੀ ਰਹੇ ਅਤੇ ਧੂਰੀ ਵਿਧਾਨ ਸਭਾ ਹਲਕੇ ਵਿੱਚ ਕਾਫੀ ਸਰਗਰਮ ਰਹੇ। ਓਂਕਾਰ ਸਿੰਘ, ਜੋ ਵਰਤਮਾਨ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸਿਵਲ ਇੰਜੀਨੀਅਰਿੰਗ ਦੇ ਪ੍ਰੋਫੈਸਰ ਹਨ, ਆਪਣੇ ਨਿਮਰ ਸੁਭਾਅ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੇ ਭਾਜਪਾ ਵਿੱਚ ਆਉਣ ਨਾਲ ‘ਆਪ’ ਦੀਆਂ ਅੰਦਰੂਨੀ ਰਣਨੀਤੀਆਂ ਭਾਜਪਾ ਦੇ ਹੱਥ ਲੱਗ ਸਕਦੀਆਂ ਹਨ।  ਆਮ ਆਦਮੀ ਪਾਰਟੀ ਲਈ ਕਦੇ ਲਖ਼ਤ-ਏ-ਜਿਗਰ ਦੀ ਹੈਸੀਅਤ ਰੱਖਣ ਵਾਲੇ ਸਾਬਕਾ ਓ ਐੱਸ ਡੀ ਪ੍ਰੋ. ਓਂਕਾਰ ਸਿੰਘ ਹੁਣ ਸਿੱਧੇ ਤੌਰ ‘ਤੇ ਮੁੱਖ ਮੰਤਰੀ ਭਗਵੰਤ ਮਾਨ ਲਈ ਤੀਰ-ਏ-ਨਸ਼ਤਰ ਸਾਬਤ ਹੋ ਸਕਦੇ ਹਨ। ਭਾਜਪਾ ਵਿਚ ਸ਼ਾਮਲ ਹੋਏ ਲੰਬੀ ਹਲਕੇ ਦੇ ਪਿੰਡ ਰੋੜਾਂਵਾਲੀ ਨਾਲ ਸੰਬੰਧਤ ਪ੍ਰੋ. ਓਂਕਾਰ ਸਿੰਘ ਨੂੰ ਭਾਜਪਾ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ  ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਤੋਂ ਉਮੀਦਵਾਰ ਬਣਾਉਣਾ ਲੱਗਭੱਗ ਤੈਅ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜੇ ਬਦਲਦੇ ਸਿਆਸੀ ਹਾਲਾਤ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗਠਜੋੜ ਨਹੀਂ ਬਣਦਾ, ਤਾਂ ਪ੍ਰੋ. ਓਂਕਾਰ ਸਿੰਘ ਨੂੰ ਲੰਬੀ ਹਲਕੇ ਤੋਂ ਵੀ ਭਾਜਪਾ ਦਾ ਉਮੀਦਵਾਰ ਐਲਾਨਿਆ ਜਾ ਸਕਦਾ ਹੈ। ਅਜਿਹੀ ਸੂਰਤ ਵਿੱਚ ਵੀ ਆਈ ਪੀ ਹਲਕੇ ਲੰਬੀ ਵਿੱਚ ਸਿਆਸੀ ਸਮੀਕਰਨ ਬਦਲ ਸਕਦੇ ਹਨ।