ਜਲੰਧਰ (ਕੇਸਰ)-ਮਹਾਨ ਗ਼ਦਰ ਲਹਿਰ, ਕਿਰਤੀ ਲਹਿਰ ਤੋਂ ਹੁੰਦੇ ਹੋਏ ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦੇ ਮੋਢੀਆਂ ਦੀ ਪਾਲ ਦੇ ਮਾਣਮੱਤੇ ਕਮਿਊਨਿਸਟ ਇਨਕਲਾਬੀ, ਮੁਢਲੇ ਟਰੱਸਟੀ, ਬਾਬਾ ਬੂਝਾ ਸਿੰਘ ਦੇ ਇੰਗਲੈਂਡ ਅਤੇ ਕੈਨੇਡਾ ਤੋਂ ਆਏ ਪਰਵਾਰ ਨੇ ਸ਼ੁੱਕਰਵਾਰ ਦੇਸ਼ ਭਗਤ ਯਾਦਗਾਰ ਹਾਲ ਪੁੱਜ ਕੇ ਦੇਸ਼ ਭਗਤਾਂ ਦੀ ਇਬਾਦਤਗਾਹ ਨੂੰ ਸਿਜਦਾ ਕੀਤਾ।
ਚੇਤੇ ਰਹੇ ਕਿ 70ਵੇਂ ਦੇ ਦੌਰ ਵਿੱਚ ਕਮਿਊਨਿਸਟ ਇਨਕਲਾਬੀ (ਨਕਸਲਬਾੜੀ) ਲਹਿਰ ਦੇ ਨਿਧੜਕ ਇਨਕਲਾਬੀ ਕਾਮਰੇਡ ਬਾਬਾ ਬੂਝਾ ਸਿੰਘ ਨੂੰ ਬਾਦਲ ਹਕੂਮਤ ਦੇ ਦੌਰ ਅੰਦਰ ਫੜ ਕੇ ਤਸ਼ੱਦਦ ਢਾਹੁਣ ਉਪਰੰਤ ਝੂਠੇ ਪੁਲਸ ਮੁਕਾਬਲੇ ਦੀ ਮਨਘੜਤ ਕਹਾਣੀ ਘੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਹਨਾਂ ਦੇ ਰਿਸ਼ਤੇਦਾਰ ਸੁਖਜਿੰਦਰ ਸਿੰਘ, ਉਹਨਾਂ ਦੇ ਛੋਟੇ ਭਰਾ ਅਜਮੇਰ ਸਿੰਘ, ਜਿਨ੍ਹਾਂ ਦੇ ਪਿਤਾ ਦੇ ਬਾਬਾ ਬੂਝਾ ਸਿੰਘ ਫੁੱਫੜ ਲੱਗਦੇ ਸਨ, ਨੇ ਦੇਸ਼ ਭਗਤ ਯਾਦਗਾਰ ਹਾਲ ਦੀ ਲਾਇਬਰੇਰੀ ਮਿਊਜ਼ੀਅਮ, ਕਿਤਾਬ ਘਰ ਨੂੰ ਨਿਹਾਰਿਆ। ਉਹਨਾਂ ਦੇ ਨਾਲ ਪਰਵਾਰ ਦੇ ਮੈਂਬਰ ਜੋਗਿੰਦਰਜੀਤ ਕੌਰ, ਜਸਬੀਰ ਕੌਰ, ਉਨ੍ਹਾਂ ਦੇ ਬੇਟੇ ਦੀਪ ਕੰਧੋਲਾ ਅਤੇ ਨੂੰਹ ਕੋਮਲਪ੍ਰੀਤ ਕੌਰ, ਸੁਖਵਿੰਦਰ ਹੁਰਾਂ ਦੇ ਚਾਚਾ ਦੇ ਲੜਕੇ ਇਕਬਾਲ ਸਿੰਘ ਵੀ ਕੈਨੇਡਾ ਤੋਂ ਆਏ ਹੋਏ ਸਨ, ਉਹਨਾਂ ਨੇ ਬਾਬਾ ਬੂਝਾ ਸਿੰਘ ਅਤੇ ਅਨੇਕਾਂ ਦੇਸ਼ ਭਗਤਾਂ ਨੂੰ ਸਲਾਮ ਕਰਦਿਆਂ ਆਪਣੇ ਅੰਦਰਲੀ ਹੂਕ ਸਾਂਝੀ ਕੀਤੀ, ਜਿਵੇਂ ਉਹ ਕਹਿ ਰਹੇ ਹੋਣ :
ਕਾਫ਼ਲੇ ‘ਚ ਤੂੰ ਭਾਵੇਂ ਨਹੀਂ ਰਿਹਾ
ਪਰ ਯਾਦ ਤੇਰੀ ਦਿਲਾਂ ‘ਚੋਂ ਜਾਣੀ ਨਹੀਂ
ਦੇਸ਼ ਭਗਤ ਯਾਦਗਾਰ ਕਮੇਟੀ ਦੀ ਤਰਫੋਂ ਕਮੇਟੀ ਦੇ ਸਹਾਇਕ ਸਕੱਤਰ ਡਾ. ਗੋਪਾਲ ਸਿੰਘ ਬੁੱਟਰ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਆਗੂ ਸੁਰਿੰਦਰ ਕੁਮਾਰੀ ਕੋਛੜ ਅਤੇ ਅਜਮੇਰ ਸਿੰਘ ਨੇ ਪੁਸਤਕਾਂ ਦੇ ਸੈੱਟ ਭੇਟ ਕਰਕੇ ਬਾਬਾ ਬੂਝਾ ਸਿੰਘ ਦੇ ਪਰਵਾਰ ਦਾ ਹਾਰਦਿਕ ਸਵਾਗਤ ਅਤੇ ਸਨਮਾਨ ਕੀਤਾ। ਸੁਖਜਿੰਦਰ ਸਿੰਘ ਦੇ ਪਰਵਾਰ ਨੇ ਦੇਸ਼ ਭਗਤ ਯਾਦਗਾਰ ਹਾਲ ਨੂੰ ਵਿੱਤੀ ਯੋਗਦਾਨ ਵੀ ਭੇਟ ਕੀਤਾ।




