ਬਠਿੰਡਾ (ਪਰਵਿੰਦਰ ਜੀਤ ਸਿੰਘ)
ਬਠਿੰਡਾ-ਬੀਕਾਨੇਰ ਕੌਮੀ ਮਾਰਗ ‘ਤੇ ਸੰਘਣੀ ਧੁੰਦ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇਕ ਲੜਕੀ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁਜਰਾਤ ਸੂਬੇ ਦੀ ਨੰਬਰ ਪਲੇਟ ਵਾਲੀ ਫਾਰਚੂਨਰ ਗੱਡੀ ਬਠਿੰਡਾ ਤੋਂ ਡੱਬਵਾਲੀ ਵੱਲ ਜਾ ਰਹੀ ਸੀ। ਧੁੰਦ ਦੌਰਾਨ ਦਿਸਣ ਹੱਦ ਘੱਟ ਹੋਣ ਕਾਰਨ ਗੱਡੀ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ। ਟੱਕਰ ਏਨੀ ਤੇਜ਼ ਸੀ ਕਿ ਗੱਡੀ ਵਿੱਚ ਸਵਾਰ ਪੰਜੇ ਵਿਅਕਤੀਆਂ ਦੀ ਮੌਕੇ ‘ਤੇ ਹੀ ਜਾਨ ਚਲੀ ਗਈ।
ਮ੍ਰਿਤਕਾਂ ਦੀ ਉਮਰ 25 ਤੋਂ 30 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਅਰਜੁਨ, ਸਤੀਸ਼, ਜਨਕ, ਭਾਰਤ ਅਤੇ ਅਮਿਤਾ ਵਜੋਂ ਹੋਈ ਹੈ। ਇਹ ਸਾਰੇ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਇਹ ਨੌਜਵਾਨ ਸ਼ਿਮਲਾ ਯਾਤਰਾ ਤੋਂ ਬਾਅਦ ਵਾਪਸੀ ਦੌਰਾਨ ਬਠਿੰਡਾ ਰਾਹੀਂ ਡੱਬਵਾਲੀ ਵੱਲ ਜਾ ਰਹੇ ਸਨ।
2 ਨੌਜਵਾਨਾਂ ਦੀ ਮੌਤ
ਜ਼ੀਰਾ (ਰੂਪ ਸਿੰਘ ਸੰਧੂ) : ਥਾਣਾ ਸਦਰ ਜ਼ੀਰਾ ਅਧੀਨ ਪੈਂਦੇ ਪਿੰਡ ਝਤਰਾ ਅਤੇ ਸੁੱਖੇਵਾਲਾ ਵਿਚਕਾਰ ਚੋਪੜਾ ਕਿਸਾਨ ਸੇਵਾ ਕੇਂਦਰ ਨੇੜੇ ਕਰੀਬ ਸਵੇਰੇ 10.45 ਵਜੇ ਧੁੰਦ ਕਾਰਨ ਟਰੱਕ ਅਤੇ ਮੋਟਰਸਾਈਕਲ ਵਿਚਕਾਰ ਆਹਣੋ-ਸਾਹਮਣੀ ਟੱਕਰ ਵਿੱਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ ਜ਼ੀਰਾ ਤੋਂ ਮੋਗਾ ਵੱਲ ਨੂੰ ਜਾ ਰਹੇ ਸਨ। ਮੋਟਰਸਾਈਕਲ ਦੀ ਪੈਟਰੋਲ ਪੰਪ ਨੇੜੇ ਮੋਗਾ ਵੱਲੋਂ ਸਾਹਮਣੇ ਤੋਂ ਆ ਰਹੇ ਟਰੱਕ ਨੰਬਰ ਪੀ ਬੀ 08 ਏ ਜ਼ੈੱਡ 9645 ਨਾਲ ਭਿਆਨਕ ਟੱਕਰ ਹੋ ਗਈ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾਂ ਦੀ ਪਛਾਣ ਪਰਮਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਪਿੰਡ ਆਸ਼ੀਕੇ, ਥਾਣਾ ਮੱਲਾਂਵਾਲਾ ਅਤੇ ਸੁਖਮਨ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਪਿੰਡ ਬਿਹਾਰੀਪੁਰ ਪੁਲਸ ਚੌਕੀ ਵੈਰੋਵਾਲ, ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ।
ਦੋ ਔਰਤਾਂ ਦੀ ਮੌਤ
ਸੁਨਾਮ/ਊਧਮ ਸਿੰਘ ਵਾਲਾ (ਅਸ਼ੋਕ ਬਾਂਸਲ/ ਹਾਕਮ ਭੱਟੀ) : ਇੱਥੋਂ ਨੇੜਲੇ ਪਿੰਡ ਮੌੜਾਂ ਦੀਆਂ ਰਹਿਣ ਵਾਲੀਆਂ ਦੋ ਔਰਤਾਂ ਸਰਬਜੀਤ ਕੌਰ ਉਮਰ ਲਗਭਗ 35 ਸਾਲ, ਜੋ ਕਿ ਪਿੰਡ ਦਿੜ੍ਹਬਾ ਵਿੱਚ ਇੱਕ ਪੁਲਸ ਮੁਲਾਜ਼ਮ ਵੱਲੋਂ ਡਿਊਟੀ ‘ਤੇ ਤਾਇਨਾਤ ਸੀ, ਆਪਣੀ ਮਾਤਾ ਇੰਦਰਜੀਤ ਕੌਰ ਉਮਰ ਲਗਭਗ 60 ਸਾਲ ਨਾਲ ਕਾਰ ਵਿੱਚ ਸਵਾਰ ਹੋ ਕੇ ਪਿੰਡ ਭਾਈ ਕੇ ਪਿਸ਼ੌਰ ਜਾ ਰਹੀਆਂ ਸਨ। ਰਸਤੇ ਵਿੱਚ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਦਰੱਖਤ ਵਿੱਚ ਜਾ ਟਕਰਾਈ ਅਤੇ ਕਾਰ ਨੂੰ ਅੱਗ ਲੱਗਣ ਕਾਰਨ ਦੋਵਾਂ ਦੀ ਮੌਕੇ ‘ਤੇ ਹੀ ਗੱਡੀ ਵਿੱਚ ਹੀ ਸੜਨ ਕਾਰਨ ਮੌਤ ਹੋ ਗਈ।





