ਜਲੰਧਰ : ਮਹਾਨ ਪੰਜਾਬੀ ਸੂਫ਼ੀ, ਕਵੀ, ਸੰਤ ਦਰਵੇਸ਼, ਮਨੁੱਖੀ ਕਦਰਾਂ-ਕੀਮਤਾਂ ’ਤੇ ਪਹਿਰਾ ਦੇਣ ਵਾਲੇ, ਹਨੇਰੀਆਂ ਤਾਕਤਾਂ ਦੇ ਖਿਲਾਫ਼ ਲਟ-ਲਟ ਬਲਦੀ ਮਸ਼ਾਲ, ਬਾਬਾ ਬੁੱਲੇ ਸ਼ਾਹ ਹੁਰਾਂ ਦੀ ਮੰਸੂਰੀ (ਉਤਰਾਖੰਡ) ਵਿੱਚ ਬਣੀ ਮਜ਼ਾਰ ਨੂੰ ਅਜੋਕੀ ਧਾਰਮਿਕ ਫਿਰਕਾਪ੍ਰਸਤ ਭਗਵੀਂ ਵਿਚਾਰਧਾਰਾ ਨੂੰ ਮੰਨਣ ਵਾਲੇ ਤੱਤਾਂ ਦੁਆਰਾ ਤੋੜ ਦਿੱਤੇ ਜਾਣ ਦੀ ਸਖ਼ਤ ਆਲੋਚਨਾ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਇਸ ਫਿਰਕੂ ਨਫ਼ਰਤੀ ਅਤੇ ਭਾਈਚਾਰਕ ਸਾਂਝ ਵਿੱਚ ਜ਼ਹਿਰ ਘੋਲ਼ ਕੇ ਸੌੜੇ ਰਾਜਨੀਤਕ ਮੰਤਵਾਂ ਦੀ ਫ਼ਸਲ ਤਿਆਰ ਕਰਨ ਵਾਲੀ ਹਰਕਤ ਕਰਨ ਵਾਲੇ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਆਗੂਆਂ ਨੇ ਆਪਣੇ ਬਿਆਨ ਵਿੱਚ ਸਰਕਾਰ, ਸਿਵਲ ਅਤੇ ਪੁਲਸ ਪ੍ਰਸ਼ਾਸਨ ਦੀ ਭੂਮਿਕਾ ਦੀ ਸਖ਼ਤ ਨਿੰਦਾ ਕੀਤੀ ਹੈ, ਕਿਉਕਿ ਹਿੰਦੂ ਰੱਖਿਆ ਦਲ ਉਤਰਾਖੰਡ ਦੇ ਸੂਬਾ ਮੁਖੀ ਲਲਿਤ ਸ਼ਰਮਾ ਨੇ ਪੂਰੀ ਬੇਹਯਾਈ ਨਾਲ਼ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਹੈ ਕਿ ਇਹ ਦੇਵ ਨਗਰੀ ਹੈ, ਬਾਬਾ ਬੁੱਲੇ ਸ਼ਾਹ ਦੀ ਕਬਰ ਪਾਕਿਸਤਾਨ ਵਿੱਚ ਹੈ, ਇਸ ਕਰਕੇ ਉਸ ਦੀ ਇੱਥੇ ਮਜ਼ਾਰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਮਜ਼ਾਰ ਸਿਰਫ਼ ਸੌਂ ਸਾਲ ਪਹਿਲਾਂ ਬਣੀ ਸੀ, ਜਦ ਕਿ ਸਨਾਤਨ ਧਰਮ ਹਜ਼ਾਰ ਸਾਲ ਪੁਰਾਣਾ ਹੈ ਇਸ ਕਰਕੇ ਅਸੀਂ ਪਹਿਲਾਂ ਹੀ ਸ਼ਰੇਆਮ ਚਿਤਾਵਨੀ ਦੇ ਦਿੱਤੀ ਸੀ ਕਿ ਅਸੀਂ ਇਸ ਮਜ਼ਾਰ ਨੂੰ ਤੋੜਾਂਗੇ ਹੁਣ ਅਸੀਂ ਇਸ ਨੂੰ ਤੋੜਨ ਦੀ ਜ਼ਿੰਮੇਵਾਰੀ ਲੈਂਦੇ ਹੋਏ ਇਹ ਵੀ ਸਾਫ਼ ਕਰਨਾ ਚਾਹੁੰਦੇ ਹਾਂ ਕਿ ਕਿਸੇ ਨਿੱਜੀ ਜ਼ਮੀਨ ਤੇ ਵੀ ਕੋਈ ਅਜੇਹੇ ਗ਼ਲਤ ਕੰਮ ਨਹੀਂ ਕਰ ਸਕਦਾ।
ਕਮੇਟੀ ਦੇ ਆਗੂਆਂ ਸਾਂਝੇ ਬਿਆਨ ਵਿੱਚ ਕਿਹਾ ਕਿ ਮਹਾਨ ਬਾਬਾ ਬੁੱਲ੍ਹੇ ਸ਼ਾਹ ਦੀ ਵਿਚਾਰਧਾਰਾ ਉਸ ਵਕਤ ਵੀ ਅਤੇ ਹੁਣ ਵੀ ਧਾਰਮਿਕ ਕੱਟੜਪੁਣੇ, ਫਿਰਕਾਪ੍ਰਸਤੀ , ਅੰਧਵਿਸ਼ਵਾਸ਼ਾਂ ਨੂੰ ਚੁਣੌਤੀ ਦਿੰਦੀ ਰਹੀ ਸੀ, ਅਤੇ ਅੱਜ ਵੀ ਦੇ ਰਹੀ ਹੈ। ਧਾਰਮਿਕ ਕੱਟੜਪੰਥੀ ਕੁਝ ਲੋਕ ਉਸ ਸਮੇਂ ਵੀ ਬੁੱਲੇ ਸ਼ਾਹ ਦੇ ਵਿਚਾਰਾਂ ਦੀ ਸਮਾਜ ਅੰਦਰ ਨਵੀਂ ਚੇਤਨਾ ਦਾ ਚਾਨਣ ਵੰਡਣ ਵਾਲੀ ਵਿਚਾਰਧਾਰਾ ਤੋਂ ਭੈਅ ਭੀਤ ਸਨ ਅਤੇ ਅੱਜ ਵੀ ਉਸ ਸੌੜੀ ਸੋਚ ਦੇ ਰਾਜਨੀਤਿਕ ਮੰਤਵਾਂ ਨੂੰ ਪ੍ਰਨਾਏ ਤੱਤਾਂ ਨੇ ਵਿਚਾਰਾਂ ਦਾ ਸੰਵਾਦ ਰਚਣ ਦੀ ਬਜਾਏ ਫਿਰਕੂ ਫਾਸ਼ੀ ਹੱਲੇ ਦਾ ਰਾਹ ਚੁਣਿਆ ਹੋਇਆ ਹੈ ਕਿਉਕਿ ਉਹਨਾਂ ਨੂੰ ਨੰਗਾ ਚਿੱਟਾ ਥਾਪੜਾ ਹੈ। ਮੁਲਕ ਦੇ ਵੱਖ-ਵੱਖ ਖਿੱਤਿਆਂ ਵਿੱਚ ਫਿਰਕੂ ਫਾਸ਼ੀ ਝੱਖੜ ਝੁਲਾਉਣ ਲਈ ਹਰ ਪਲ ਹਰ ਕੋਝਾ ਕਾਰਾ ਕਰਨ ਤੇ ਲੱਗੀ ਰਹਿੰਦੀ ਭਾਜਪਾ ਹਕੂਮਤ ਤੋਂ। ਉਹਨਾਂ ਕਿਹਾ ਕਿ ਮਜ਼ਾਰ ਤੋੜਨ ਵਾਲੇ ਤੱਤ ਬਾਬਾ ਬੁੱਲ੍ਹੇ ਸ਼ਾਹ ਦੇ ਵਿਚਾਰਾਂ ਤੋਂ ਭੈਅ ਖਾਂਦੇ ਹਨ।
ਕਮੇਟੀ ਦਾ ਕਹਿਣਾ ਹੈ ਕਿ ਬਾਬਾ ਬੁੱਲ੍ਹੇ ਸ਼ਾਹ ਗ਼ਦਰ ਪਾਰਟੀ ਦੀ ਬਹੁਤ ਹੀ ਮਹਾਨ ਸਾਂਝੀ ਵਿਰਾਸਤ ਦੇ ਅਨਮੋਲ ਹੀਰੇ ਹਨ। ਉਹ ਸਾਡੇ ਲੋਕਾਂ ਦੀ ਹਰ ਧੜਕਣ ਵਿੱਚ 100 ਵਰ੍ਹੇ ਬਾਅਦ ਅੱਜ ਹੋਰ ਵੀ ਵਧੇਰੇ ਪ੍ਰਸੰਗਿਕ ਅਤੇ ਪ੍ਰੇਰਨਾਦਾਇਕ ਹਨ। ਕਮੇਟੀ ਨੇ ਸਾਫ਼ ਅਤੇ ਸਪੱਸ਼ਟ ਤੌਰ ’ਤੇ ਕਿਹਾ ਕਿ ਬਾਬਾ ਬੁੱਲ੍ਹੇ ਸ਼ਾਹ ਦੇ ਸਮੇਂ ਵੀ ਨਫ਼ਰਤੀ ਟੋਲਿਆਂ ਨੇ ਬਾਬੇ ਦੇ ਖ਼ਿਲਾਫ਼ ਫ਼ਤਵੇ ਦਿੱਤੇ, ਦਫ਼ਨ ਕਰਨ ਵੇਲੇ ਵੀ ਵਾ-ਵਾਵੇਲਾ ਮਚਾਇਆ, ਅੱਜ ਉਨ੍ਹਾਂ ਫਿਰਕਾਪ੍ਰਸਤ ਟੋਲਿਆਂ ਨੂੰ ਕੋਈ ਨਹੀਂ ਜਾਣਦਾ, ਇਤਿਹਾਸ ਨੇ ਇਨ੍ਹਾਂ ਨੂੰ ਵੀ ਇੱਕ ਦਿਨ ਕੂੜੇਦਾਨ ਵਿੱਚ ਵਗਾਹ ਮਾਰਨਾ ਹੈ ।
ਕਮੇਟੀ ਨੇ ਕਿਹਾ ਕਿ ਸਾਂਝੇ ਪੰਜਾਬ ਦਾ ਬਾਬਾ ਸਾਂਝੀ ਧਰਤੀ ’ਤੇ ਅੱਜ ਵੀ ਨੱਚਦਾ, ਗਾਉਦਾ ਹੋਇਆ ਸੁਣਾਈ ਦਿੰਦਾ ਹੈ । ਦੇਸੀ-ਬਦੇਸ਼ੀ ਟੋਲਿਆਂ ਨੇ ਆਪਣੇ ਲੰਮੇ ਅਰਸੇ ਦੇ ਮੰਤਵਾਂ ਦੀ ਪੂਰਤੀ ਲਈ ਨਫ਼ਰਤੀ ਤੰਦੂਰ ਤਪਦਾ ਰੱਖਣ ਲਈ ਸਾਂਝੇ ਪੰਜਾਬ ਦੇ ਦਿਲ ਦੇ ਭਾਵੇਂ ਦੋ ਟੋਟੇ ਕਰਨ ਲਈ ਸਰਹੱਦੀ ਕੰਡਿਆਲੀ ਤਾਰ ਖਿੱਚ ਦਿੱਤੀ, ਪਰ ਲਹੂ-ਲੁਹਾਨ ਹੋਏ ਪੰਜਾਬ ਦੀ ਖੁਸ਼ਬੂਦਾਰ ਇਤਿਹਾਸਕ ਵਿਰਾਸਤ ਨੂੰ ਲੋਕਾਂ ਦੇ ਦਿਲਾਂ ਵਿਚੋਂ ਵੰਡਿਆ ਨਹੀਂ ਜਾ ਸਕਿਆ, ਸਗੋਂ ਦਿਨੋਂ ਦਿਨ ਆਪਣੀ ਸਾਂਝ ਨੂੰ ਚੇਤਿਆਂ ਦੇ ਝਰੋਖੇ ਵਿੱਚ ਤਾਜ਼ੀ ਹਵਾ ਦੇ ਬੁੱਲੇ ਦਿੰਦੇ ਰਹਿੰਦੇ ਹਨ।ਉਹਨਾ ਕਿਹਾ ਲੋਕ ਅੱਜ ਵੀ ਮੰਸੂਰੀ ਮਜ਼ਾਰ ’ਤੇ ਵਹੀਰਾਂ ਘੱਤ ਕੇ ਆਉਦੇ ਹਨ। ਸਾਡੇ ਮੁਲਕ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਬਾਬਾ ਬੁੱਲ੍ਹੇ ਸ਼ਾਹ ਤੇ ਭਰਵੀਂ ਅਤੇ ਅਮੁੱਲੀ ਖੋਜ ਹੋਈ ਹੈ।
ਜ਼ਿਕਰਯੋਗ ਹੈ ਕਿ ਬਾਬਾ ਬੁੱਲ੍ਹੇ ਸ਼ਾਹ ਦੀ ਜੀਵਨ ਗਾਥਾ ਨੂੰ ਅਜੋਕਾ ਥਿਏਟਰ ਲਾਹੌਰ ਵੱਲੋਂ ਮਦੀਹਾ ਗ਼ੌਹਰ ਦੀ ਨਿਰਦੇਸ਼ਨਾ ਵਿੱਚ ਖੇਡਿਆ ਨਾਟਕ ‘ਬੁੱਲਾ’ ਅੱਜ ਵੀ ਅਨੇਕਾਂ ਥਾਵਾਂ ’ਤੇ ਅਤੇ ਗ਼ਦਰੀ ਬਾਬਿਆਂ ਦੇ ਮੇਲੇ ਤੇ ਵੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਵੀ ਸ਼ਹੀਦ ਭਗਤ ਸਿੰਘ ਖੁੱਲ੍ਹੇ ਆਡੀਟੋਰੀਅਮ ਵਿੱਚ ਖੇਡਿਆ ਗਿਆ।ਇਸ ਮੰਚਣ ਮੌਕੇ ਮਦੀਹਾ ਗੌਹਰ ਅਤੇ ਗੁਰਸ਼ਰਨ ਭਾਅ ਜੀ ਨੇ ਸਾਹਮਣੇ ਇਕੱਠਿਆਂ ਬੈਠ ਕੇ ਨਾਟਕ ਦਾ ਆਨੰਦ ਮਾਣਿਆ ਅਤੇ ਖਚਾਖਚ ਭਰੇ ਪੰਡਾਲ ਨੇ ਖੜ੍ਹੇ ਹੋ ਕੇ ਤਾੜੀਆਂ ਦੀ ਗੂੰਜ ਵਿੱਚ ਅਜੋਕਾ ਥੀਏਟਰ ਦੀ ਪੂਰੀ ਟੀਮ ਦਾ ਹਾਰਦਿਕ ਧੰਨਵਾਦ ਕੀਤਾ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਪੰਜਾਬ ਦੀਆਂ ਸਮੂਹ ਸਾਹਿਤ ਅਤੇ ਕਲਾ ਜਗਤ ਨਾਲ਼ ਜੁੜੀਆਂ ਸੰਸਥਾਵਾਂ, ਯੂਨੀਵਰਸਿਟੀਆਂ, ਵਕੀਲਾਂ, ਤਰਕਸ਼ੀਲਾਂ, ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ, ਵਿਦਿਅਕ ਅਦਾਰਿਆਂ ਅਤੇ ਵਿਦਿਆਰਥੀ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਕਮੇਟੀ ਦੇ ਸੱਦੇ ਤੇ ਪੰਜਾਬ ਭਰ ਵਿੱਚ ਹਰ ਸੰਭਵ ਢੰਗ ਨਾਲ ਇਸ ਫਿਰਕੂ ਫਾਸ਼ੀ ਹੱਲੇ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨ ਨਹੀਂ ਤਾਂ ਇਹ ਫਾਸ਼ੀ ਬਿਰਤੀ ’ਚ ਗ੍ਰਸੇ ਟੋਲਿਆਂ ਵੱਲੋਂ ਪੰਜਾਬ ਦੀਆਂ ਵਿਰਾਸਤੀ ਯਾਦਗਾਰਾਂ ਅਤੇ ਸਮਾਗਮਾਂ ਵਿੱਚ ਵੀ ਖਲਲ ਪਾਉਣ ਦੇ ਹੱਲੇ ਕਰਨ ਲਈ ਹੌਸਲੇ ਵਧਣਗੇ, ਕਿਉਕਿ ਉਹਨਾਂ ਨੂੰ ਹਕੂਮਤੀ ਗਲਿਆਰਿਆਂ ਦੀ ਯੋਜਨਾਬੱਧ ਸਰਪ੍ਰਸਤੀ ਮਿਲੀ ਹੋਈ ਹੈ।



