11 ਕੈਡਿਟ ਦੀ ਰੱਖਿਆ ਸਿਖਲਾਈ ਅਕੈਡਮੀਆਂ ਲਈ ਚੋਣ

0
8

ਚੰਡੀਗੜ੍ਹ (ਗੁਰਜੀਤ ਬਿੱਲਾ)
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐੱਸ ਏ ਐੱਸ ਨਗਰ ਦੇ 11 ਕੈਡਿਟਾਂ ਨੇ ਪਿਛਲੇ ਇੱਕ ਮਹੀਨੇ ਦੌਰਾਨ ਵੱਕਾਰੀ ਨੈਸ਼ਨਲ ਡਿਫੈਂਸ ਅਕੈਡਮੀ (ਐੱਨ ਡੀ ਏ) ਅਤੇ ਹੋਰ ਪ੍ਰਮੁੱਖ ਰੱਖਿਆ ਸਿਖਲਾਈ ਅਕੈਡਮੀਆਂ ਵਿੱਚ ਦਾਖਲਾ ਪ੍ਰਾਪਤ ਕੀਤਾ ਹੈ।
ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਪ੍ਰਾਪਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ ਲਈ ਨੌਜਵਾਨ ਪ੍ਰਤਿਭਾ ਨੂੰ ਨਿਖਾਰਨ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ। ਉਨ੍ਹਾ ਕਿਹਾ ਕਿ ਇਸ ਸੰਸਥਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 289 ਕੈਡੇਟ ਵੱਖ-ਵੱਖ ਰੱਖਿਆ ਸਿਖਲਾਈ ਅਕੈਡਮੀਆਂ ਵਿੱਚ ਸ਼ਾਮਲ ਹੋਏ ਹਨ।
ਅਰੋੜਾ ਨੇ ਕਿਹਾ ਕਿ ਅੱਠ ਕੈਡਿਟਾਂ ਨੇ ਐੱਨ ਡੀ ਏ ਦੇ 155ਵੇਂ ਕੋਰਸ ਲਈ ਚੋਣ ਹੋਈ ਹੈ, ਜਿਨ੍ਹਾਂ ਵਿੱਚ ਲੁਧਿਆਣਾ ਤੋਂ ਵਿਸ਼ਵਰੂਪ ਸਿੰਘ ਗਰੇਵਾਲ ਅਤੇ ਭਾਸਕਰ ਜੈਨ, ਪਟਿਆਲਾ ਤੋਂ ਅਪਾਰਦੀਪ ਸਿੰਘ ਸਾਹਨੀ, ਪਠਾਨਕੋਟ ਤੋਂ ਪਰਮਦੀਪ ਸਿੰਘ, ਬਠਿੰਡਾ ਤੋਂ ਰੇਹਾਨ ਯਾਦਵ, ਸੰਗਰੂਰ ਤੋਂ ਸੁਖਪ੍ਰੀਤ ਸਿੰਘ, ਜਲੰਧਰ ਤੋਂ ਪਿ੍ਰੰਸ ਕੁਮਾਰ ਦੂਬੇ ਅਤੇ ਸ਼ੌਰਿਆ ਵਰਧਨ ਸਿੰਘ ਸ਼ਾਮਲ ਹਨ। ਰੋਪੜ ਜ਼ਿਲ੍ਹੇ ਦੇ ਕੈਡਿਟ ਗੁਰਕੀਰਤ ਸਿੰਘ ਦੀ ਇੰਡੀਅਨ ਨੇਵਲ ਅਕੈਡਮੀ (ਆਈਐਨਏ) ਦੇ 117ਵੇਂ ਕੋਰਸ ਵਿੱਚ ਸਿਲੈਕਸ਼ਨ ਹੋਈ ਹੈ। ਇਸ ਤੋਂ ਇਲਾਵਾ, ਬਠਿੰਡਾ ਦੇ ਗੁਰਨੂਰ ਸਿੰਘ ਦੀ ਮਿਲਟਰੀ ਕਾਲਜ ਆਫ਼ ਇਲੈਕਟ੍ਰਾਨਿਕਸ ਐਂਡ ਮਕੈਨੀਕਲ ਇੰਜੀਨੀਅਰਿੰਗ (ਐੱਮ ਸੀ ਈ ਐੱਮ ਈ) ਸਿਕੰਦਰਾਬਾਦ ਵਿਖੇ ਕੈਡੇਟਸ ਟ੍ਰੇਨਿੰਗ ਵਿੰਗ (ਸੀ ਟੀ ਡਬਲਯੂ) ਵਿੱਚ ਚੋਣ ਹੋਈ ਹੈ , ਜਦੋਂ ਕਿ ਜਲੰਧਰ ਦਾ ਆਕਾਸ਼ ਸਿੰਘ ਕੁਸ਼ਵਾਹਾ ਤਕਨੀਕੀ ਐਂਟਰੀ ਸਕੀਮ (ਟੀ ਈ ਐੱਸ)-54 ਕੋਰਸ ਲਈ ਮਿਲਟਰੀ ਕਾਲਜ ਆਫ਼ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ (ਐੱਮ ਸੀ ਟੀ ਈ) ਮਹੂ ਵਿਖੇ ਸੀ ਟੀ ਡਬਲਯੂ ਵਿੱਚ ਸ਼ਾਮਲ ਹੋਏ। ਗੁਰਨੂਰ ਸਿੰਘ ਨੇ ਤਕਨੀਕੀ ਐਂਟਰੀ ਸਕੀਮ (ਟੀ ਈ ਐੱਸ)-54 ਕੋਰਸ ਲਈ ਦੇਸ਼ ਭਰ ਵਿੱਚੋਂ 15ਵਾਂ ਰੈਂਕ ਪ੍ਰਾਪਤ ਕੀਤਾ ਹੈ।