ਜਲੰਧਰ (ਸੁਿਰੰਦਰ ਕੁਮਾਰ)- ਪਹਿਲੀ ਫਰਵਰੀ ਨੂੰ ਮਨਾਏ ਜਾ ਰਹੇ ਗੁਰੂ ਰਵਿਦਾਸ ਦੇ 649ਵੇਂ ਪ੍ਰਕਾਸ਼ ਦਿਹਾੜੇ ’ਤੇ ਵੀਰਵਾਰ ਨੂੰ ਬਾਅਦ ਦੁਪਹਿਰ ਸਪੈਸ਼ਲ ਰੇਲਗੱਡੀ ਬੇਗਮਪੁਰਾ ਐਕਸਪ੍ਰੈੱਸ ਇੱਥੋਂ ਸ਼ਰਧਾਲੂਆਂ ਨੂੰ ਲੈ ਕੇ ਕਾਸ਼ੀ ਲਈ ਰਵਾਨਾ ਹੋਵੇਗੀ। ਇਸ ਮੌਕੇ ਡੇਰਾ ਬੱਲ੍ਹਾਂ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਸ਼ਰਧਾਲੂਆਂ ਨੂੰ ਆਸ਼ੀਰਵਾਦ ਦੇਣਗੇ। ਜਲੰਧਰ ਦੇ ਰੇਲਵੇ ਸ਼ਟੇਸ਼ਨ ’ਤੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਹਲਵਾਰਾ ਹਵਾਈ ਅੱਡੇ ਦਾ ਉਦਘਾਟਨ ਪਹਿਲੀ ਨੂੰ
ਲੁਧਿਆਣਾ : ਸਾਲਾਂ ਦੀ ਉਡੀਕ ਤੇ ਦਰਜਨ ਤੋਂ ਵੱਧ ਡੈੱਡਲਾਈਨਾਂ ਲੰਘਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਫਰਵਰੀ ਨੂੰ ਹਲਵਾਰਾ ਕੌਮਾਂਤਰੀ ਹਵਾਈ ਅੱਡੇ ਦਾ ਵਰਚੁਅਲ ਤਰੀਕੇ ਨਾਲ ਉਦਘਾਟਨ ਕਰਨਗੇ। ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਚੰਡੀਗੜ੍ਹ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਸੱਦੀ ਹੈ। ਹਾਲਾਂਕਿ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਉਡਾਣਾਂ ਮਾਰਚ ਤੋਂ ਸ਼ੁਰੂ ਹੋਣ ਦਾ ਐਲਾਨ ਕੀਤਾ ਸੀ, ਪਰ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਹਵਾਈ ਅੱਡੇ ਦਾ ਉਦਘਾਟਨ ਉਡਾਣਾਂ ਸ਼ੁਰੂ ਹੋਣ ਦੀ ਨਿਰਧਾਰਤ ਮਿਤੀ ਤੋਂ ਪਹਿਲਾਂ ਕੀਤਾ ਜਾ ਰਿਹਾ ਹੈ।
ਦੋਰਾਹਾ ਤੇ ਧੂਰੀ ’ਤੇ ਰੇਲਵੇ ਓਵਰ ਬਿ੍ਰਜ ਬਣਨਗੇ
ਨਵੀਂ ਦਿੱਲੀ : ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬੁੱਧਵਾਰ ਦੱਸਿਆ ਕਿ ਦੋਰਾਹਾ ਅਤੇ ਧੂਰੀ ਵਿਖੇ ਰੇਲਵੇ ਪੁਲਾਂ ਦੇ ਨਿਰਮਾਣ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਗਈ ਹੈ। ਦੋਰਾਹਾ ਵਿਖੇ ਲੈਵਲ ਕਰਾਸਿੰਗ ਨੰਬਰ 164-ਏ ’ਤੇ ਲਗਭਗ 70 ਕਰੋੜ ਰੁਪਏ ਦੀ ਲਾਗਤ ਨਾਲ ਓਵਰ ਬਿ੍ਰਜ ਬਣੇਗਾ। ਧੂਰੀ ਵਿਖੇ ਵੀ 54 ਕਰੋੜ ਰੁਪਏ ਦੀ ਲਾਗਤ ਵਾਲੇ ਰੇਲਵੇ ਕਰਾਸਿੰਗ ਪ੍ਰੋਜੈਕਟ ਦੀ ਜਨਰਲ ਅਰੇਂਜਮੈਂਟ ਡਰਾਇੰਗ ਨੂੰ ਪ੍ਰਵਾਨਗੀ ਮਿਲ ਚੁੱਕੀ ਹੈ। ਇਨ੍ਹਾਂ ਪ੍ਰੋਜੈਕਟਾਂ ਸੰਬੰਧੀ ਸਾਰੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨ।
ਚੰਡੀਗੜ੍ਹ ਤੇ ਗੁਰੂਗ੍ਰਾਮ ਦੇ ਸਕੂਲਾਂ ਨੂੰ ਧਮਕੀ
ਜਲੰਧਰ : ਚੰਡੀਗੜ੍ਹ ਅਤੇ ਗੁਰੂਗ੍ਰਾਮ ਵਿੱਚ ਬੁੱਧਵਾਰ ਸਵੇਰੇ ਸਹਿਮ ਪੈਦਾ ਹੋ ਗਿਆ, ਜਦੋਂ ਪ੍ਰਮੁੱਖ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਚੰਡੀਗੜ੍ਹ ਦੇ ਦੋ ਦਰਜਨ ਸਕੂਲਾਂ ਨੂੰ ਬੰਬ ਦੀ ਧਮਕੀ ਕਾਰਨ ਚੰਡੀਗੜ੍ਹ ਦੇ 90 ਫੀਸਦੀ ਤੋਂ ਵੱਧ ਸਕੂਲ ਖਾਲੀ ਕਰਵਾ ਲਏ ਗਏ ਤੇ ਕਈ ਸਕੂਲਾਂ ਨੇ ਸਕੂਲ ਆ ਰਹੇ ਬੱਚਿਆਂ ਦੀਆਂ ਬੱਸਾਂ ਵੀ ਯੂਟਰਨ ਕਰਵਾ ਦਿੱਤੀਆਂ ਅਤੇ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਦਾਖਲ ਨਹੀਂ ਹੋਣ ਦਿੱਤਾ।
ਚੰਡੀਗੜ੍ਹ ਦੇ ਸੈਕਟਰ-25 ਸਥਿਤ ਚਿਤਕਾਰਾ ਇੰਟਰਨੈਸ਼ਨਲ ਸਕੂਲ, ਸੈਕਟਰ-16 ਮਾਡਲ ਸਕੂਲ, ਸੈਕਟਰ-45 ਸੇਂਟ ਸਟੀਫਨ ਸਕੂਲ, ਸੈਕਟਰ-35 ਮਾਡਲ ਸਕੂਲ ਅਤੇ ਸੈਕਟਰ-19 ਮਾਡਲ ਸਕੂਲ ਨੂੰ ਧਮਕੀ ਮਿਲੀ। ਗੁਰੂਗ੍ਰਾਮ ਵਿੱਚ ਪੁਲਸ ਅਤੇ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ। ਕਿਸੇ ਵੀ ਸਕੂਲ ਕੰਪਲੈਕਸ ਤੋਂ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।



