ਮੁਹਾਲੀ : ਇੱਥੇ ਬੁੱਧਵਾਰ ਪੇਸ਼ੀ ਭੁਗਤਣ ਆਏ ਨੌਜਵਾਨ ਨੂੰ ਬਦਮਾਸ਼ਾਂ ਨੇ ਅਦਾਲਤ ਦੇ ਬਾਹਰ ਗੋਲੀਆਂ ਮਾਰ ਕੇ ਮਾਰ ਦਿੱਤਾ। ਪਿੰਡ ਰੁੜਕੀ ਪੁਖਤਾ ਦਾ ਗੁਰਵਿੰਦਰ ਸਿੰਘ ਉਰਫ ਗੁਰੀ ਐੱਨ ਡੀ ਪੀ ਐੱਸ ਦੇ ਮਾਮਲੇ ’ਚ ਤਰੀਕ ਭੁਗਤਣ ਲਈ ਆਇਆ ਸੀ। ਉਹ ਗੁਰਲਾਲ ਬਰਾੜ ਕਤਲ ਮਾਮਲੇ ’ਚ ਵੀ ਨਾਮਜ਼ਦ ਸੀ। ਬਰਾੜ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਦਾ ਸਾਬਕਾ ਪ੍ਰਧਾਨ ਤੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦਾ ਚਚੇਰਾ ਭਰਾ ਸੀ। ਉਸ ਦੀ 10 ਅਕਤੂਬਰ, 2020 ਨੂੰ ਚੰਡੀਗੜ੍ਹ ਦੇ ਸਿਟੀ ਐਂਪੋਰੀਅਮ ਮਾਲ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਮਲੇ ਦੌਰਾਨ ਗੁਰੀ ਦੀ ਪਤਨੀ ਵੀ ਨਾਲ ਸੀ। ਉਸ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਦਾ ਬਚਾਅ ਹੋ ਗਿਆ।



