ਚੰਡੀਗੜ੍ਹ (ਗੁਰਜੀਤ ਬਿੱਲਾ/
�ਿਸ਼ਨ ਗਰਗ)
ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ (ਐੱਸ ਐੱਸ ਐੱਫ) ਦੇ ਦੋ ਸਾਲ ਪੂਰੇ ਹੋਣ ’ਤੇ ਇਸ ਦੀ ਸ਼ਾਨਦਾਰ ਸਫਲਤਾ ਸਾਂਝੀ ਕਰਦਿਆਂ ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਇਹ ਫੋਰਸ ਮੁੱਖ ਮੰਤਰੀ ਭਗਵੰਤ ਮਾਨ ਦੀ ਸਭ ਤੋਂ ਪ੍ਰਭਾਵਸ਼ਾਲੀ ਅਤੇ ਲੋਕ-ਪੱਖੀ ਪਹਿਲਕਦਮੀਆਂ ਵਿੱਚੋਂ ਇੱਕ ਵਜੋਂ ਉਭਰੀ ਹੈ, ਜੋ ਪੰਜਾਬ ਦੇ ਹਾਈਵੇ ’ਤੇ ਅਸਲ ਨਤੀਜੇ ਦੇ ਰਹੀ ਹੈ।ਪੰਨੂ ਨੇ ਦੱਸਿਆ ਕਿ ਜਦੋਂ ਦੋ ਸਾਲ ਪਹਿਲਾਂ ਐੱਸ ਐੱਸ ਐੱਫ ਦੀ ਸ਼ੁਰੂਆਤ ਕੀਤੀ ਗਈ ਸੀ, ਤਾਂ ਸਾਲ 2023 ਵਿੱਚ ਪੰਜਾਬ ਦੇ ਹਾਈਵੇ ’ਤੇ ਹਾਦਸਿਆਂ ਕਾਰਨ 1,955 ਮੌਤਾਂ ਹੋਈਆਂ ਸਨ। ਸਾਲ 2024 ਵਿੱਚ, ਇਹ ਅੰਕੜਾ ਤੇਜ਼ੀ ਨਾਲ ਘਟ ਕੇ 1,016 ਰਹਿ ਗਿਆ ਹੈ, ਜਿਸ ਦਾ ਮਤਲਬ ਹੈ ਕਿ ਐੱਸ ਐੱਸ ਐੱਫ ਦੇ ਤੇਜ਼ ਅਤੇ ਪੇਸ਼ੇਵਰ ਹੁੰਗਾਰੇ ਸਦਕਾ ਸਿਰਫ ਇੱਕ ਸਾਲ ਵਿੱਚ 940 ਕੀਮਤੀ ਜਾਨਾਂ ਬਚਾਈਆਂ ਗਈਆਂ ਹਨ। ਘਾਤਕ ਹਾਦਸਿਆਂ ਦੇ ਮਾਮਲਿਆਂ ਵਿੱਚ ਲਗਭਗ 50 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ, ਜੋ ਪੰਜਾਬ ਭਰ ਵਿੱਚ ਹਾਈਵੇ ਸੁਰੱਖਿਆ ਵਿੱਚ ਵੱਡੇ ਸੁਧਾਰ ਨੂੰ ਦਰਸਾਉਦੀ ਹੈ। ਉਨ੍ਹਾ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਾਈਵੇ ’ਤੇ ਹਰ 30 ਕਿਲੋਮੀਟਰ ਦੀ ਦੂਰੀ ’ਤੇ ਪੂਰੀ ਤਰ੍ਹਾਂ ਲੈਸ ਐੱਸ ਐੱਸ ਐੱਫ ਵਾਹਨ ਤਾਇਨਾਤ ਹਨ, ਜੋ ਤੇਜ਼ੀ ਨਾਲ ਕਾਰਵਾਈ ਨੂੰ ਯਕੀਨੀ ਬਣਾਉਦੇ ਹਨ। ਨਤੀਜੇ ਵਜੋਂ ਐੱਸ ਐੱਸ ਐੱਫ ਟੀਮਾਂ 6 ਤੋਂ 8 ਮਿੰਟ ਦੇ ਅੰਦਰ ਹਾਦਸੇ ਵਾਲੀ ਥਾਂ ’ਤੇ ਪਹੁੰਚ ਜਾਂਦੀਆਂ ਹਨ, ਜੋ ਕਿ ਵਿਕਸਤ ਦੇਸ਼ਾਂ ਦੇ ਬਰਾਬਰ ਦਾ ਰਿਸਪਾਂਸ ਟਾਈਮ ਹੈ।
ਉਨ੍ਹਾ ਕਿਹਾ ਕਿ ਐੱਸ ਐੱਸ ਐੱਫ ਦੀ ਮੌਜੂਦਗੀ ਨੇ ਹਾਦਸੇ ਤੋਂ ਬਾਅਦ ਹੋਣ ਵਾਲੀ ਲੁੱਟ-ਖੋਹ ਨੂੰ ਵੀ ਲਗਭਗ ਖਤਮ ਕਰ ਦਿੱਤਾ ਹੈ ਅਤੇ ਹੋਰ ਹਾਈਵੇ ਅਪਰਾਧਾਂ ਵਿੱਚ, ਖਾਸ ਕਰਕੇ ਰਾਤ ਦੇ ਸਮੇਂ ਭਾਰੀ ਕਮੀ ਆਈ ਹੈ। ਐੱਸ ਐੱਸ ਐੱਫ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ‘ਡਰੀਮ ਪ੍ਰੋਜੈਕਟ’ ਦੱਸਦਿਆਂ ਪੰਨੂ ਨੇ ਕਿਹਾ ਕਿ ਇਹ ਨਾ ਸਿਰਫ ਸਾਕਾਰ ਹੋਇਆ ਹੈ, ਬਲਕਿ ਹਰ ਰੋਜ਼ ਜਾਨਾਂ ਬਚਾਉਣ ਵਾਲੇ ਨਤੀਜੇ ਦੇ ਰਿਹਾ ਹੈ।





