ਪਟਿਆਲਾ : ਪੰਜਾਬੀ ਦੇ ਪ੍ਰਸਿੱਧ ਵਿਦਵਾਨ ਤੇ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਸਰਪ੍ਰਸਤ ਡਾ. ਗੁਰਬਚਨ ਸਿੰਘ ਰਾਹੀ (90) ਦਾ ਐਤਵਾਰ ਰਾਤੀਂ ਪਟਿਆਲਾ ਵਿਖੇ ਦੇਹਾਂਤ ਹੋ ਗਿਆ। ਉਨ੍ਹਾ ਦਾ ਅੰਤਮ ਸੰਸਕਾਰ ਪਟਿਆਲਾ ਦੇ ਘਲੌੜੀ ਗੇਟ ਸਥਿਤ ਸ਼ਮਸ਼ਾਨਘਾਟ ਵਿਖੇੇ ਕੀਤਾ ਗਿਆ। ਉਨ੍ਹਾ ਦੀ ਦੇਹ ਨੂੰ ਅਗਨੀ ਉਨ੍ਹਾ ਦੇ ਸਪੁੱਤਰ ਡਾ. ਸੁਖਦੀਪ ਸਿੰਘ ਨੇ ਵਿਖਾਈ। ਡਾ. ਰਾਹੀ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਮਜ਼ਬੂਤ ਥੰਮ੍ਹ ਸਨ। ਉਨ੍ਹਾ ਕਈ ਦਹਾਕੇ ਪੰਜਾਬੀ ਅਧਿਐਨ, ਅਧਿਆਪਨ, ਮੌਲਿਕ ਸਿਰਜਣਾ, ਅਨੁਵਾਦ ਅਤੇ ਸੰਪਾਦਨ ਦੇ ਖੇਤਰ ਵਿਚ ਵਡਮੁੱਲਾ ਕਾਰਜ ਕੀਤਾ। ਡਾ. ਰਾਹੀ ਨੇ ਲੰਮਾ ਸਮਾਂ ਪਹਿਲਾਂ ਭਾਸ਼ਾ ਵਿਭਾਗ ਪੰਜਾਬ ਵਿਚ ਬਤੌਰ ਸਹਾਇਕ ਡਾਇਰੈਕਟਰ ਅਤੇ ਫਿਰ ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਾਂ ਵਿਚ ਬਤੌਰ ਪ੍ਰੋਫੈਸਰ ਸੇਵਾਵਾਂ ਨਿਭਾਈਆਂ। ਉਨ੍ਹਾ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਵੀ ਕਾਰਜ ਕੀਤਾ। ਉਪਰੰਤ ਉਨ੍ਹਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਈ ਏ ਐੱਸ ਟ੍ਰੇਨਿੰਗ ਸੈਂਟਰ ਵਿਖੇ ਅਨੇਕ ਵਿਦਿਆਰਥੀਆਂ ਨੂੰ ਪੀ ਸੀ ਐੱਸ ਅਤੇ ਆਈ ਏ ਐੱਸ ਆਦਿ ਉਚ ਕੋਟੀ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਪੰਜਾਬੀ ਵਿਚ ਕਰਵਾਈ। ਉਨ੍ਹਾ ਪੰਜਾਬੀ ਸਾਹਿਤ ਦੀ ਝੋਲੀ ਵਿਚ ‘ਮੌਤ ਦਾ ਵਪਾਰ’, ‘ਆਸ ਦਾ ਫੁੱਲ’, ‘ਅਗਨ ਕ੍ਰੀੜਾ’, ‘ਕੁਝ ਗੱਲਾਂ’, ‘ਅੱਖਰ ਅੱਖਰ ਸ਼ਬਦ’,‘ਤੇਰਾ ਆਕਾਸ਼ ਮੇਰੀ ਉਡਾਣ’, ‘ਤਿੰਨ ਰੰਗ’ ਅਤੇ ‘ਕੁਰਬਾਨੀ ਦਾ ਮੁੱਲ’ ਤੋਂ ਇਲਾਵਾ ਵੱਡੀ ਗਿਣਤੀ ਆਲੋਚਨਾ, ਧਰਮ, ਇਤਿਹਾਸ, ਸੰਪਾਦਨਾ, ਨਾਟਕ ਅਤੇ ਬਾਲ ਸਾਹਿਤ ਦੇ ਖੇਤਰ ਵਿਚ ਵੀ ਕਈ ਪੁਸਤਕਾਂ ਦੀ ਰਚਨਾ ਕੀਤੀ ਹੈ। ਉਨ੍ਹਾ ਦੇ ਸਮੁੱਚੇ ਜੀਵਨ ਅਤੇ ਰਚਨਾ ਬਾਰੇ ਡਾ. ਦਰਸ਼ਨ ਸਿੰਘ ਆਸ਼ਟ ਦੀ ਸੰਪਾਦਨਾ ਹੇਠ ਇਕ ਅਭਿਨੰਦਨ ‘ਗ੍ਰੰਥ ਸ਼ਬਦਾਂ ਦਾ ਵਣਜਾਰਾ : ਡਾ. ਗੁਰਬਚਨ ਸਿੰਘ ਰਾਹੀ’ ਵੀ ਪ੍ਰਕਾਸ਼ਤ ਕੀਤਾ ਗਿਆ ਸੀ। ਉਨ੍ਹਾਂ ਦਾ ਪੰਜਾਬੀ ਭਾਸ਼ਾ ਸੰਬੰਧੀ ਇਕ ਸੀਰੀਅਲ ‘ਪਾਠਸ਼ਾਲਾ’ ਵੀ ਜਲੰਧਰ ਦੂਰਦਰਸ਼ਨ ਤੋਂ ਲੰਮਾ ਸਮਾਂ ਪ੍ਰਸਾਰਤ ਹੁੰਦਾ ਰਿਹਾ। ਡਾ. ਰਾਹੀਂ ਦੇ ਅਕਾਲ ਚਲਾਣੇ ’ਤੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਅਤੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਤੋਂ ਇਲਾਵਾ ਸਰਪ੍ਰਸਤ ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਸ਼ਾਂਤ, ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ, ਡਾ. ਹਰਪ੍ਰੀਤ ਸਿੰਘ ਰਾਣਾ, ਸੁਖਦੇਵ ਸਿੰਘ ਚਹਿਲ, ਨਵਦੀਪ ਸਿੰਘ ਮੁੰਡੀ, ਬਲਬੀਰ ਸਿੰਘ ਦਿਲਦਾਰ ਅਤੇ ਭਗਵਾਨ ਦਾਸ ਗੁਪਤਾ ਆਦਿ ਨੇ ਵੀ ਡੂੰਘੇ ਸ਼ੋਕ ਦਾ ਪ੍ਰਗਟਾਵਾ ਕੀਤਾ ਹੈ। ਉਹਨਾ ਦੇ ਅੰਤਮ ਸਸਕਾਰ ਮੌਕੇ ਸਕੇ-ਸੰਬੰਧੀਆਂ ਅਤੇ ਦੋਸਤਾਂ-ਮਿੱਤਰਾਂ ਤੋਂ ਇਲਾਵਾ ਡਾ. ਗੁਰਨਾਮ ਸਿੰਘ ਪ੍ਰਭਾਤ, ਗਗਨਦੀਪ ਸਿੰਘ ਆਹੂਜਾ, ਨਾਟਕਕਾਰ ਸਤਿੰਦਰ ਸਿੰਘ ਨੰਦਾ, ਤਿ੍ਰਲੋਕ ਸਿੰਘ ਢਿੱਲੋਂ, ਗੁਰਦਰਸ਼ਨ ਸਿੰਘ ਗੁਸੀਲ ਆਦਿ ਵੀ ਸ਼ਾਮਲ ਸਨ।





