ਓ ਟੀ ਐੱਸ ਦੀ ਡੈੱਡਲਾਈਨ 31 ਮਾਰਚ ਤੱਕ ਵਧਾਈ

0
11

ਚੰਡੀਗੜ੍ਹ (ਗੁਰਜੀਤ ਬਿੱਲਾ,
ਕ੍ਰਿਸ਼ਨ ਗਰਗ)
ਵਿੱਤ, ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਥੇ ‘ਯਕਮੁਸ਼ਤ ਨਿਬੇੜਾ ਸਕੀਮ, 2025’ (ਓ.ਟੀ.ਐੱਸ-2025) ਦੀ ਵੱਡੀ ਸਫਲਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸਕੀਮ ਰਾਹੀਂ ਹੁਣ ਤੱਕ ਜਿੱਥੇ ਸੂਬਾ ਸਰਕਾਰ ਨੂੰ 110 ਕਰੋੜ ਰੁਪਏ ਪ੍ਰਾਪਤ ਹੋ ਚੁੱਕੇ ਹਨ, ਉਥੇ ਸੂਬੇ ਦੇ ਵਪਾਰੀ ਵਰਗ ਨੂੰ ਵੱਡੀ ਵਿੱਤੀ ਰਾਹਤ ਮਿਲੀ ਹੈ।ਚੀਮਾ ਨੇ ਦੱਸਿਆ ਕਿ 1 ਅਕਤੂਬਰ 2025 ਨੂੰ ਓ.ਟੀ.ਐੱਸ.-2025 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਰ ਵਿਭਾਗ ਨੂੰ 7,654 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਸ ਦੇ ਨਤੀਜੇ ਵਜੋਂ 38,477 ਕਰੋੜ ਰੁਪਏ ਦੀ ਬੇਮਿਸਾਲ ਛੋਟ ਦਿੱਤੀ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸਕੀਮ ਨੂੰ ਮਿਲਿਆ ਭਰਵਾਂ ਹੁੰਗਾਰਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਉਸ ਨੀਤੀ ਦੀ ਸਫਲਤਾ ਨੂੰ ਦਰਸਾਉਂਦਾ ਹੈ, ਜੋ ਲੰਬੀ ਮੁਕੱਦਮੇਬਾਜ਼ੀ ਨਾਲੋਂ ਸਵੈ-ਇੱਛੁਕ ਕਰਪਾਲਣਾ ਨੂੰ ਤਰਜੀਹ ਦਿੰਦੀ ਹੈ।ਸੰਬੰਧਤ ਉਦਯੋਗਿਕ ਜਥੇਬੰਦੀਆਂ ਦੇ ਸੁਝਾਵਾਂ ਪ੍ਰਤੀ ਸਰਕਾਰ ਦੇ ਹੁੰਗਾਰੇ ਦਾ ਜ਼ਿਕਰ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਸ ਸਕੀਮ ਦਾ ਲਾਭ ਲੈਣ ਦੀ ਆਖਰੀ ਮਿਤੀ 31 ਦਸੰਬਰ 2025 ਤੋਂ ਵਧਾ ਕੇ 31 ਮਾਰਚ 2026 ਕਰ ਦਿੱਤੀ ਗਈ ਹੈ। ਚੀਮਾ ਨੇ ਅੱਗੇ ਦੱਸਿਆ ਕਿ ਸਰਕਾਰੀ ਅਨਾਜ ਏਜੰਸੀਆਂ ਨੂੰ ਛੱਡ ਕੇ ਬਾਕੀ ਸਾਰੇ ਕਰਦਾਤਾ ਸਟੇਟ ਟੈਕਸ ਦੇ ਸਹਾਇਕ ਕਮਿਸ਼ਨਰ (ਏ.ਸੀ.ਐਸ.ਟੀ) ਦੇ ਦਫ਼ਤਰ ਵਿੱਚ ਫਾਰਮ ਓ.ਟੀ.ਐੱਸ-01 ਜਮ੍ਹਾਂ ਕਰਵਾ ਕੇ ਇਸ ਸਕੀਮ ਤਹਿਤ ਅਪਲਾਈ ਕਰ ਸਕਦੇ ਹਨ।