ਚੰਡੀਗੜ੍ਹ (ਗੁਰਜੀਤ ਬਿੱਲਾ, ਕ੍ਰਿਸ਼ਨ ਗਰਗ)-ਪੰਜਾਬ ਦੀ ਖੇਡ ਵਿਰਾਸਤ ਬਹਾਲ ਕਰਕੇ ਨਸ਼ਿਆਂ ਨੂੰ ਖ਼ਤਮ ਕਰਨ ਦੇ ਦ੍ਰਿੜ੍ਹ ਸੰਕਲਪ ਤਹਿਤ ਭਗਵੰਤ ਮਾਨ ਸਰਕਾਰ ਨੇ ਸੋਮਵਾਰ ਪੰਜਾਬ ਕ੍ਰਿਕਟ ਲੀਗ (ਪੀ ਸੀ ਐੱਲ) ਦੀ ਸ਼ੁਰੂਆਤ ਨੂੰ ਮਨਜ਼ੂਰੀ ਦਿੱਤੀ। ਇਸ ਲੀਗ ਤਹਿਤ ਖੇਡਾਂ ਨੂੰ ਇੱਕ ਆਊਟਰੀਚ ਪ੍ਰੋਗਰਾਮ ਦੀ ਬਜਾਏ ਨੌਜਵਾਨਾਂ ਦੇ ਸ਼ਕਤੀਕਰਨ ਲਈ ਰਣਨੀਤਕ ਦਖ਼ਲ ਵਜੋਂ ਦੇਖਿਆ ਜਾਵੇਗਾ।ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦੀ ਤਰਜ਼ ‘ਤੇ ਜ਼ਿਲ੍ਹਾ ਤੇ ਖੇਤਰੀ ਪੱਧਰ ‘ਤੇ ਟੀਮਾਂ ਬਣਾ ਕੇ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ ਸੀ ਏ) ਦੇ ਸਹਿਯੋਗ ਨਾਲ ਕਰਵਾਈ ਜਾਣ ਵਾਲੀ ਇਸ ਲੀਗ ਦਾ ਉਦੇਸ਼ ਨੌਜਵਾਨ ਪ੍ਰਤਿਭਾ ਦੀ ਪਛਾਣ ਕਰਨਾ, ਤਿਆਰ ਕਰਨਾ ਅਤੇ ਪੇਸ਼ੇਵਰ ਰਾਹ ‘ਤੇ ਲੈ ਜਾਣਾ ਹੈ। ਇਸ ਦੇ ਨਾਲ ਹੀ ਇਸ ਦਾ ਉਦੇਸ਼ ਖੇਡਾਂ ਵਿੱਚ ਜ਼ਿਲ੍ਹਾ ਅਤੇ ਰਾਜ-ਪੱਧਰੀ ਲੀਗਾਂ ਦਾ ਇੱਕ ਵਿਆਪਕ ਈਕੋ-ਸਿਸਟਮ ਸਥਾਪਤ ਕਰਨਾ ਹੈ, ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਅਨੁਸ਼ਾਸਨ, ਨਵੇਂ ਮੌਕਿਆਂ ਅਤੇ ਰਾਸ਼ਟਰੀ ਪ੍ਰਤੀਨਿਧਤਾ ਵੱਲ ਲੈ ਜਾਇਆ ਜਾ ਸਕੇ।
ਖੇਡ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਤੋਂ ਨੌਜਵਾਨ ਪ੍ਰਤਿਭਾ ਨੂੰ ਨਿਖਾਰਨ ਦੇ ਉਦੇਸ਼ ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਤਾਲਮੇਲ ਨਾਲ ਪੰਜਾਬ ਕ੍ਰਿਕਟ ਲੀਗ ਕਰਵਾਈ ਜਾਵੇਗੀ।
ਪ੍ਰਸਤਾਵਿਤ ਲੀਗ ਢਾਂਚੇ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਲੀਗ ਇੰਡੀਅਨ ਪ੍ਰੀਮੀਅਰ ਲੀਗ ਦੀ ਤਰਜ਼ ‘ਤੇ ਕਰਵਾਈ ਜਾਵੇਗੀ ਅਤੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਸਾਰੇ ਜ਼ਿਲ੍ਹਿਆਂ ਅਤੇ ਮਾਝਾ, ਦੋਆਬਾ ਤੇ ਮਾਲਵਾ ਵਰਗੇ ਭੂਗੋਲਿਕ ਖੇਤਰਾਂ ਦੇ ਆਧਾਰ ‘ਤੇ ਟੀਮਾਂ ਬਣਾਈਆਂ ਜਾਣਗੀਆਂ।




