ਜਲੰਧਰ : ਮਾਨਸੂਨ ਦੀ ਵਿਦਾਈ ’ਚ ਸਿਰਫ਼ ਕੁਝ ਦਿਨ ਹੀ ਬਚੇ ਹਨ। ਆਖਰੀ ਸਮੇਂ ਖੂਬ ਮੀਂਹ ਪੈ ਰਿਹਾ ਹੈ। ਬੀਤੇ ਕੁਝ ਦਿਨਾਂ ਤੋਂ ਕਈ ਸੂਬਿਆਂ ’ਚ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ 25 ਸਤੰਬਰ ਤੱਕ ਭਾਰੀ ਮੀਂਹ ਦਾ ਅਨੁਮਾਨ ਲਾਇਆ ਹੈ। ਪਿਛਲੇ ਦੋ ਦਿਨ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਮੰਡੀ ਪਹੁੰਚੀ ਝੋਨੇ ਦੀ ਫਸਲ ਨੂੰ ਮੀਂਹ ਨਾਲ ਭਾਰੀ ਨੁਕਸਾਨ ਪਹੁੰਚਿਆ ਹੈ। ਤਾਪਮਾਨ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜ਼ਿਆਦਾਤਰ ਸ਼ਹਿਰਾਂ ’ਚ ਬੀਤੇ ਦਿਨਾਂ ਦੇ ਮੁਕਾਬਲੇ ਸ਼ਨੀਵਾਰ ਸਵੇਰੇ ਤਾਪਮਾਨ ਵਿੱਚ ਗਰਾਵਟ ਦੇਖਣ ਨੂੰ ਮਿਲੀ। ਸ਼ਨੀਵਾਰ ਸਵੇਰੇ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ’ਚ ਘੱਟੋ-ਘੱਟ ਤਾਪਮਾਨ 21 ਡਿਗਰੀ ਦੇ ਕਰੀਬ ਦੇਖਿਆ ਗਿਆ।
ਦੇਸ਼ ਦੀ ਰਾਜਧਾਨੀ ਦਿੱਲੀ, ਯੂ ਪੀ, ਬਿਹਾਰ, ਉਤਰਾਖੰਡ ਸਮੇਤ ਕਈ ਸੂਬਿਆਂ ’ਚ ਸ਼ਨੀਵਾਰ ਮੀਂਹ ਪਿਆ। ਮੌਸਮ ਵਿਭਾਗ ਨੇ ਪੀਲਾ ਅਲਰਟ ਕਰਦੇ ਹੋਏ ਚੇਤਾਵਨੀ ਜਾਰੀ ਕੀਤੀ ਹੈ। ਇਸ ਦੌਰਾਨ ਗੰਗਾ, ਯਮੁਨਾ ਦੇ ਨਾਲ ਕਈ ਸਹਾਇਕ ਨਦੀਆਂ ’ਚ ਪਾਣੀ ਦਾ ਪੱਧਰ ਵਧ ਗਿਆ ਹੈ। ਚਾਰ ਧਾਮ ਯਾਤਰਾ ਰੂਟ ਸਮੇਤ ਹਾਈਵੇ ਬੰਦ ਹੋਣ ਕਾਰਨ ਥਾਂ-ਥਾਂ ਯਾਤਰੀ ਫਸੇ ਹੋਏ ਹਨ। ਨੀਵਿਆਂ ਇਲਾਕਿਆਂ ’ਚ ਪਾਣੀ ਭਰਨ ਲੱਗਾ ਹੈ। ਪ੍ਰਸ਼ਾਸਨ ਨੇ ਇਸ ਤਰ੍ਹਾਂ ਦੇ ਸਾਰੇ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਹੈ।