22.2 C
Jalandhar
Thursday, April 25, 2024
spot_img

ਵਿਰੋਧੀ ਪਾਰਟੀਆਂ ‘ਝੂਠ ਦੀ ਬਿਮਾਰੀ’ ਤੋਂ ਪੀੜਤ : ਮਾਨ

ਫ਼ਰੀਦਕੋਟ, (ਅਲੈਗਜ਼ੈਂਡਰ ਡਿਸੂਜਾ)-ਵਿਰੋਧੀਆਂ ਪਾਰਟੀਆਂ ਨੂੰ ਲੰਮੇ ਸਮੇਂ ਤੋਂ ਝੂਠ ਦੀ ਬਿਮਾਰੀ ਤੋਂ ਪੀੜਤ ਦੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਨਿੱਚਰਵਾਰ ਆਖਿਆ ਕਿ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਬਜਾਏ ਇਨ੍ਹਾਂ ਪਾਰਟੀਆਂ ਦੇ ਆਗੂ ਸੂਬਾ ਸਰਕਾਰ ਦੇ ਹਰੇਕ ਲੋਕ-ਪੱਖੀ ਕਦਮ ਵਿੱਚ ਗਲਤੀਆਂ ਕੱਢਣ ਦੇ ਆਦੀ ਹੋ ਚੁੱਕੇ ਹਨ।
ਟਿੱਲਾ ਬਾਬਾ ਸ਼ੇਖ ਫ਼ਰੀਦ ਵਿਖੇ ਅਕੀਦਤ ਭੇਟ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਕੋਲ ਸੂਬਾ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਕੀਤੇ ਫੈਸਲਿਆਂ ਦੀ ਆਲੋਚਨਾ ਕਰਨ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਹੈ। ਉਨ੍ਹਾ ਕਿਹਾ ਕਿ ਇਨ੍ਹਾਂ ਆਗੂਆਂ ਕੋਲ ਕੋਈ ਪੁਖ਼ਤਾ ਮਸਲਾ ਨਾ ਹੋਣ ਕਾਰਨ ਉਹ ਸਿਰਫ਼ ਆਲੋਚਨਾ ਲਈ ਹੀ ਸੂਬਾ ਸਰਕਾਰ ਦੀ ਆਲੋਚਨਾ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਅਜਿਹੇ ਹੋਛੇ ਹਥਕੰਡਿਆਂ ਕਾਰਨ ਰਾਜ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਦੇ ਕੰਮ ਤੋਂ ਪਿੱਛੇ ਨਹੀਂ ਹਟੇਗੀ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਨੂੰ ਭਿ੍ਰਸ਼ਟਾਚਾਰ, ਨਸ਼ਿਆਂ, ਬੇਰੁਜ਼ਗਾਰੀ ਤੋਂ ਹੋਰ ਅਲਾਮਤਾਂ ਤੋਂ ਮੁਕਤ ਕਰਨ ਲਈ ਸੂਬਾ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾ ਇਸ ਲੋਕ ਭਲਾਈ ਦੇ ਕਾਰਜ ਲਈ ਲੋਕਾਂ ਨੂੰ ਪੂਰਾ ਸਹਿਯੋਗ ਤੇ ਤਾਲਮੇਲ ਦੀ ਅਪੀਲ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਇਸ ਵੱਡੇ ਕਾਰਜ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਉਹਨਾ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸ਼ਾਸਨ ਦੌਰਾਨ ਆਪਣੀਆਂ ਜੜ੍ਹਾਂ ਡੂੰਘੀਆਂ ਕਰ ਚੁੱਕੀਆਂ ਇਨ੍ਹਾਂ ਅਲਾਮਤਾਂ ਤੋਂ ਛੁਟਕਾਰਾ ਪਾਉਣ ਲਈ ਸੂਬਾ ਸਰਕਾਰ ਦਾ ਪੂਰਾ ਢਾਂਚਾ ਲੋਕਾਂ ਨਾਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੇ ਖ਼ਜ਼ਾਨੇ ਦੀ ਬੇਰਹਿਮੀ ਨਾਲ ਲੁੱਟ ਕੀਤੀ। ਕਰਦਾਤਾਵਾਂ ਦਾ ਪੈਸਾ ਲੁੱਟਣ ਵਿੱਚ ਪਿਛਲੀਆਂ ਸਰਕਾਰਾਂ ਨੇ ਅੰਗਰੇਜ਼ਾਂ ਨੂੰ ਵੀ ਪਿੱਛੇ ਛੱਡ ਦਿੱਤਾ। ਉਹਨਾ ਕਿਹਾ ਕਿ ਸਾਡੀ ਸਰਕਾਰ ਇਨ੍ਹਾਂ ਭਿ੍ਰਸ਼ਟ ਲੀਡਰਾਂ ਤੋਂ ਇਕ-ਇਕ ਪੈਸਾ ਵਾਪਸ ਕਰਵਾ ਕੇ ਇਸ ਨੂੰ ਲੋਕ ਭਲਾਈ ਲਈ ਵਰਤੇਗੀ।
ਆਪਣੀ ਸਰਕਾਰ ਦੀਆਂ ਮਿਸਾਲੀ ਪਹਿਲਕਦਮੀਆਂ ਗਿਣਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾ ਦੀ ਸਰਕਾਰ ਲੋਕਾਂ ਨੂੰ ਭਿ੍ਰਸ਼ਟਾਚਾਰ ਮੁਕਤ ਸ਼ਾਸਨ ਮੁਹੱਈਆ ਕਰਵਾ ਰਹੀ ਹੈ ਅਤੇ ਲੋਕਾਂ ਦੇ ਪੈਸੇ ਦੀ ਚੋਰੀ ਨੂੰ ਰੋਕ ਦਿੱਤਾ ਗਿਆ ਹੈ, ਹੁਣ ਇਹ ਪੈਸਾ ਸੂਬੇ ਅਤੇ ਇਸ ਦੇ ਲੋਕਾਂ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਲੋਕਾਂ ਦੇ ਪੈਸੇ ਦੀ ਤਰਕਸੰਗਤ ਵਰਤੋਂ ਯਕੀਨੀ ਬਣਾਉਣ ਲਈ ਸਰਕਾਰ ਨੇ ‘ਇਕ ਵਿਧਾਇਕ, ਇਕ ਪੈਨਸ਼ਨ’ ਵਰਗਾ ਇਤਿਹਾਸਕ ਕਦਮ ਚੁੱਕਿਆ।
ਬਾਬਾ ਸ਼ੇਖ ਫ਼ਰੀਦ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾ ਨੂੰ ਮਹਾਨ ਰੂਹਾਨੀ ਸਫ਼ੀਰ, ਕਵੀ, ਪੈਗੰਬਰ ਤੇ ਭਾਰਤ ਵਿੱਚ ਸੂਫ਼ੀ ਵਿਚਾਰਧਾਰਾ ਦੇ ਬਾਨੀ ਦੱਸਿਆ। ਉਨ੍ਹਾ ਕਿਹਾ ਕਿ ਬਾਬਾ ਜੀ ਦਾ ਮਾਨਵਤਾਵਾਦੀ ਦਰਸ਼ਨ ਤੇ ਰੂਹਾਨੀਅਤ, ਪਿਆਰ, ਹਮਦਰਦੀ, ਬਰਾਬਰੀ, ਨਿਮਰਤਾ, ਭਾਈਚਾਰੇ ਤੇ ਆਜ਼ਾਦੀ ਦੇ ਸਿਧਾਂਤਾਂ ਦੀ ਸਰਬਉੱਚਤਾ ਅਤੇ ਵਿਆਪਕਤਾ ਉਤੇ ਆਧਾਰਤ ਹੈ। ਉਹਨਾ ਕਿਹਾ ਕਿ ਬਾਬਾ ਫ਼ਰੀਦ ਜੀ ਦਾ ਜੀਵਨ ਤੇ ਫਲਸਫ਼ਾ ਅਜੋਕੇ ਪਦਾਰਥਵਾਦੀ ਸਮਾਜ ਵਿੱਚ ਬਹੁਤ ਜ਼ਿਆਦਾ ਪ੍ਰਸੰਗਕ ਹੈ।
ਮੁੱਖ ਮੰਤਰੀ ਨੇ ਇਹ ਵੀ ਆਖਿਆ ਕਿ ਬਾਬਾ ਫ਼ਰੀਦ ਜੀ ਦੀਆਂ ਸਿੱਖਿਆਵਾਂ ਆਉਣ ਵਾਲੀਆਂ ਨਸਲਾਂ ਨੂੰ ਪੂਰੇ ਉਤਸ਼ਾਹ, ਸਮਰਪਣ ਤੇ ਨਿਮਰਤਾ ਨਾਲ ਲੋਕਾਈ ਦੀ ਸੇਵਾ ਕਰਨ ਲਈ ਪ੍ਰੇਰਨਾ ਦਾ ਸਰੋਤ ਬਣੀਆਂ ਰਹਿਣਗੀਆਂ। ਲੋਕਾਂ ਨੂੰ ਬਾਬਾ ਜੀ ਦੇ ਨਕਸ਼-ਏ-ਕਦਮ ਉਤੇ ਚੱਲਣ ਦੀ ਪ੍ਰੇਰਨਾ ਦਿੰਦਿਆਂ ਉਨ੍ਹਾ ਕਿਹਾ ਕਿ ਇਸ ਨਾਲ ਸਮਾਜ ਵਿੱਚ ਫਿਰਕੂ ਸਦਭਾਵਨਾ, ਅਮਨ ਤੇ ਭਾਈਚਾਰਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ। ਭਗਵੰਤ ਮਾਨ ਨੇ ਐਲਾਨ ਕੀਤਾ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਵਿਕਾਸ ਨੂੰ ਵੱਡੀ ਗਤੀ ਦੇਣ ਲਈ ਹਰੇਕ ਕੋਸ਼ਿਸ਼ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜ਼ਿਲ੍ਹੇ ਵਿੱਚ ਪੁੱਜਣ ਉੱਤੇ ਮੁੱਖ ਮੰਤਰੀ ਦਾ ਸਵਾਗਤ ਕੀਤਾ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇਸ ਸ਼ੁੱਭ ਮੌਕੇ ਉਤੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਅਣਥੱਕ ਮਿਹਨਤ ਕਰ ਰਹੀ ਹੈ।
ਸਮਾਗਮ ਦੌਰਾਨ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਵਿਧਾਇਕ ਗੁਰਦਿੱਤ ਸਿੰਘ, ਅਮੋਲਕ ਸਿੰਘ, ਰਣਬੀਰ ਸਿੰਘ ਭੁੱਲਰ ਤੇ ਕਾਕਾ ਬਰਾੜ, ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ ਵੇਨੂ ਪ੍ਰਸਾਦ ਤੇ ਹੋਰ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles