ਸਰਕਾਰ ਦੇ ਭਰੋਸੇ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਨੇ ਕੌਮੀ ਮਾਰਗ ਤੋਂ ਚੁੱਕਿਆ ਧਰਨਾ

0
295

ਚੰਡੀਗੜ੍ਹ : ਹਰਿਆਣਾ ਦੇ ਕੁਰੂਕਸ਼ੇਤਰ ਦੇ ਕੋਲ ਕਿਸਾਨਾਂ ਨੇ ਝੋਨੇ ਦੀ ਜਲਦੀ ਖਰੀਦ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਹਾਈਵੇ ਨੰਬਰ-44 ਨੂੰ ਜਾਮ ਕਰ ਦਿੱਤਾ ਸੀ। ਹਾਲਾਂਕਿ ਹਰਿਆਣਾ ਸਰਕਾਰ ਨੇ ਉਨ੍ਹਾਂ ਦੀ ਮੰਗ ਮੰਨ ਲਈ, ਜਿਸ ਤੋਂ ਬਾਅਦ ਕਿਸਾਨ ਹਾਈਵੇ ਤੋਂ ਹਟਣ ਲਈ ਸਹਿਮਤ ਹੋ ਗਏ। ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਖਿਚਾਈ ਤੋਂ ਬਾਅਦ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ। ਹਾਈਵੇ ਬੰਦ ਕਾਰਨ ਕਰੀਬ 21 ਘੰਟੇ ਆਵਾਜਾਈ ਬੰਦ ਰਹੀ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕਿਹਾ ਹੈ ਕਿ ਅਨਾਜ ਮੰਡੀਆਂ ਤੋਂ ਝੋਨਾ ਚੁੱਕ ਲਿਆ ਜਾਵੇਗਾ, ਹਾਲਾਂਕਿ ਅਧਿਕਾਰਤ ਖਰੀਦ 1 ਅਕਤੂਬਰ ਤੋਂ ਹੀ ਸ਼ੁਰੂ ਹੋਵੇਗੀ, ਜਿਸ ਦਾ ਐਲਾਨ ਸਰਕਾਰ ਨੇ ਪਹਿਲਾਂ ਹੀ ਕਰ ਦਿੱਤਾ ਸੀ। ਉਨ੍ਹਾ ਕਿਹਾ ਕਿ ਹੁਣ ਇਹ ਉਨ੍ਹਾਂ ਦੀ ਪ੍ਰੇਸ਼ਾਨੀ ਹੈ ਕਿ ਇਸ ਨੂੰ ਉਹ ਕਿੱਥੇ ਸਟੋਰ ਕਰਦੇ ਹਨ।
ਉਨ੍ਹਾ ਕਿਹਾ ਕਿ ਸਰਕਾਰ ਨੇ ਪੰਜ ਜ਼ਿਲ੍ਹਿਆਂ ’ਚ ਜਿੱਥੇ ਉਪਜ ਜ਼ਿਆਦਾ ਹੋਈ ਹੈ, ਉਥੇ ਖਰੀਦ ਵਧਾ ਕੇ 22 ਤੋਂ 30 ਕੁਇੰਟਲ ਪ੍ਰਤੀ ਏਕੜ ਕਰ ਦਿੱਤੀ ਹੈ। ਕਈ ਹੋਰ ਜ਼ਿਲ੍ਹਿਆਂ ’ਚ ਇਸ ਨੂੰ ਵਧਾ ਕੇ 28 ਕੁਇੰਟਲ ਪ੍ਰਤੀ ਏਕੜ ਕਰ ਦਿੱਤਾ ਗਿਆ ਹੈ। ਹਰਿਆਣਾ ਸਰਕਾਰ ਨੂੰ ਕੋਰਟ ਨੇ ਕਿਹਾ ਕਿ ਸੀ ਕਿ ਹਾਈਵੇ ਤੁਰੰਤ ਖੁੱਲ੍ਹਵਾਇਆ ਜਾਵੇ, ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।

LEAVE A REPLY

Please enter your comment!
Please enter your name here