ਮੁੰਬਈ : ਕਾਂਗਰਸ ਆਗੂ ਸਚਿਨ ਸਾਵੰਤ ਨੇ ਕਿਹਾ ਕਿ ਭਾਜਪਾ ਅਸਲ ਮੁੱਦਿਆਂ, ਜਿਵੇਂ ਕਿ ਕਿਸਾਨਾਂ ਦੇ ਹਿੱਤਾਂ ਅਤੇ ਅਮਰੀਕਾ ਨਾਲ ਹੋਏ ਵਪਾਰਕ ਸਮਝੌਤਿਆਂ ਤੋਂ ਜਨਤਾ ਦਾ ਧਿਆਨ ਭਟਕਾਉਣ ਲਈ ਹੱਥਕੰਡੇ ਵਰਤ ਰਹੀ ਹੈ। ਸਾਵੰਤ ਭਾਜਪਾ ਵੱਲੋਂ ਰਾਹੁਲ ਗਾਂਧੀ ਨੂੰ ਕਾਲੀਆਂ ਝੰਡੀਆਂ ਵਿਖਾਉਣ ’ਤੇ ਪ੍ਰਤੀਕਰਮ ਪ੍ਰਗਟ ਕਰ ਰਹੇ ਸਨ। ਉਨ੍ਹਾ ਕਿਹਾ ਕਿ ਭਾਜਪਾ ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਸੱਚ ਸਾਹਮਣੇ ਨਹੀਂ ਆਉਣ ਦੇਣਾ ਚਹੁੰਦੀ ਤੇ ਉਸ ਨੂੰ ਕਿਸਾਨਾਂ ਦੇ ਹਿੱਤਾਂ ਦੀ ਕੋਈ ਪਰਵਾਹ ਨਹੀਂ।
ਐੱਨ ਸੀ ਪੀ (ਸ਼ਰਦ ਪਵਾਰ) ਨੇ ਵੀ ਭਾਜਪਾ ਦੇ ਪ੍ਰਦਰਸ਼ਨ ਦੀ ਨਿੰਦਾ ਕੀਤੀ ਹੈ। ਐੱਨ ਸੀ ਪੀ ਆਗੂ ਮਨੋਜ ਪ੍ਰਧਾਨ ਨੇ ਪ੍ਰਦਰਸ਼ਨ ਨੂੰ ਲੋਕਤੰਤਰੀ ਮਰਿਆਦਾਵਾਂ ਦੇ ਖ਼ਿਲਾਫ਼ ਦੱਸਦਿਆਂ ਕਿਹਾ ਕਿ ਦੇਸ਼ ਦੇ ਵਿਰੋਧੀ ਧਿਰ ਦੇ ਨੇਤਾ ਦਾ ਅਜਿਹਾ ਅਪਮਾਨ ਕਰਨਾ ਗਲਤ ਹੈ। ਇਸ ਤੋਂ ਪਹਿਲਾਂ ਮੁੰਬਈ ਵਿੱਚ ਸ਼ਨੀਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਭਾਜਪਾ ਵਰਕਰਾਂ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵਿਰੁੱਧ ਕਾਲੀਆਂ ਝੰਡੀਆਂ ਦਿਖਾ ਕੇ ਪ੍ਰਦਰਸ਼ਨ ਕੀਤਾ। ਰਾਹੁਲ ਗਾਂਧੀ ਭਿਵੰਡੀ ਅਦਾਲਤ ਵਿੱਚ ਇੱਕ ਮਾਣਹਾਨੀ ਦੇ ਕੇਸ ਵਿੱਚ ਪੇਸ਼ ਹੋਣ ਲਈ ਜਾ ਰਹੇ ਸਨ । ਭਾਜਪਾ ਦਾ ਕਹਿਣਾ ਹੈ ਕਿ ਇਹ ਪ੍ਰਦਰਸ਼ਨ ਯੂਥ ਕਾਂਗਰਸ ਵੱਲੋਂ ‘ਏ ਆਈ ਸੰਮੇਲਨ’ ਦੌਰਾਨ ਕੀਤੇ ਗਏ ਵਿਰੋਧ ਦਾ ਜਵਾਬ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਹਮੇਸ਼ਾ ਪ੍ਰਧਾਨ ਮੰਤਰੀ ਮੋਦੀ ਦੀਆਂ ਪਹਿਲਕਦਮੀਆਂ ਦਾ ਵਿਰੋਧ ਕਰਦੇ ਹਨ ਅਤੇ ਵਿਦੇਸ਼ੀ ਮੰਚਾਂ ’ਤੇ ਦੇਸ਼ ਦੇ ਅਕਸ ਨੂੰ ਖ਼ਰਾਬ ਕਰ ਰਹੇ ਹਨ।
ਬੀਤੀ ਦਿਨੀਂ ਯੂਥ ਕਾਂਗਰਸ ਨੇ ‘ਏ ਆਈ ਸੰਮੇਲਨ’ ਵਿੱਚ ਮੋਦੀ ਵਿਰੁੱਧ ਪ੍ਰਦਰਸ਼ਨ ਕੀਤਾ ਸੀ ਤੇ ਜੋਰਦਾਰ ਨਾਹਰੇਬਾਜੀ ਕੀਤੀ ਸੀ। ਯੂਥ ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਅਮਰੀਕਾ ਦੇ ਦਬਾਅ ਹੇਠ ਕੰਮ ਕਰ ਰਹੇ ਹਨ।




