ਨਿਊ ਯਾਰਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਆਪਕ ਗਲੋਬਲ ਟੈਰਿਫਾਂ ਨੂੰ ਰੱਦ ਕਰਨ ਵਾਲੇ ਅਮਰੀਕੀ ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ ਦੇ ਕੇਂਦਰ ਵਿੱਚ ਭਾਰਤੀ ਮੂਲ ਦਾ ਇੱਕ ਵਕੀਲ ਹੈ, ਜਿਸ ਨੇ ਅਮਰੀਕਾ ਦੀ ਸਰਬਉਚ ਅਦਾਲਤ ਵਿੱਚ ਇਨ੍ਹਾਂ ਟੈਰਿਫਾਂ ਦੀ ਗੈਰ-ਕਾਨੂੰਨੀਤਾ ਬਾਰੇ ਦਲੀਲਾਂ ਦਿੱਤੀਆਂ। ਭਾਰਤੀ ਪਰਵਾਸੀਆਂ ਦੇ ਪੁੱਤਰ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਅਮਰੀਕਾ ਦੇ ਸਾਬਕਾ ਐਕਟਿੰਗ ਸੋਲੀਸਿਟਰ ਜਨਰਲ ਰਹੇ ਨੀਲ ਕਤਿਆਲ ਨੇ ਛੋਟੇ ਕਾਰੋਬਾਰਾਂ ਦੀ ਤਰਫੋਂ ਇਸ ਮਹੱਤਵਪੂਰਨ ਟੈਰਿਫ ਕੇਸ ਦੀ ਪੈਰਵੀ ਕੀਤੀ ਅਤੇ ਜਿੱਤ ਹਾਸਲ ਕੀਤੀ। ਸ਼ੁੱਕਰਵਾਰ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਤੁਰੰਤ ਬਾਅਦ ਕਤਿਆਲ ਨੇ ਐੱਕਸ ’ਤੇ ‘ਜਿੱਤ’ ਪੋਸਟ ਕੀਤੀ। ਇੱਕ ਇੰਟਰਵਿਊ ਵਿੱਚ ਕਤਿਆਲ ਨੇ ਕਿਹਾ, ‘ਅਮਰੀਕੀ ਪ੍ਰਣਾਲੀ ਦੀਆਂ ਮਹਾਨ ਗੱਲਾਂ ਵਿੱਚੋਂ ਇੱਕ ਉਹ ਹੈ, ਜੋ ਅੱਜ ਵਾਪਰੀ ਹੈ। ਮੈਂ ਇੱਕ ਪਰਵਾਸੀ ਦਾ ਪੁੱਤਰ ਅਦਾਲਤ ਵਿੱਚ ਜਾਣ ਦੇ ਯੋਗ ਹੋਇਆ ਅਤੇ ਅਮਰੀਕੀ ਛੋਟੇ ਕਾਰੋਬਾਰਾਂ ਦੀ ਤਰਫੋਂ ਇਹ ਕਹਿ ਸਕਿਆ, ‘ਦੇਖੋ, ਇਹ ਰਾਸ਼ਟਰਪਤੀ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਹਨ।’ ਉਨ੍ਹਾ ਕਿਹਾਮੈਂ ਆਪਣਾ ਪੱਖ ਪੇਸ਼ ਕਰਨ ਦੇ ਯੋਗ ਹੋਇਆ, ਉਨ੍ਹਾਂ ਮੈਨੂੰ ਬਹੁਤ ਔਖੇ ਸਵਾਲ ਪੁੱਛੇ, ਇਹ ਇੱਕ ਬਹੁਤ ਹੀ ਤਿੱਖੀ ਜ਼ੁਬਾਨੀ ਬਹਿਸ ਸੀ ਅਤੇ ਅੰਤ ਵਿੱਚ, ਉਨ੍ਹਾਂ ਵੋਟ ਦਿੱਤੀ ਅਤੇ ਅਸੀਂ ਜਿੱਤ ਗਏ। ਜੋ ਸਾਬਿਤ ਕਰਦਾ ਹੈ ਕਿ ਸਾਡੇ ਕੋਲ ਇੱਕ ਅਜਿਹੀ ਪ੍ਰਣਾਲੀ ਹੈ, ਜੋ ਖੁਦ ਨੂੰ ਸੁਧਾਰਦੀ ਹੈ, ਜੋ ਸਾਨੂੰ ਇਹ ਕਹਿਣ ਦੀ ਇਜਾਜ਼ਤ ਦਿੰਦੀ ਹੈ ਕਿ ਤੁਸੀਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਹੋ ਸਕਦੇ ਹੋ, ਪਰ ਫਿਰ ਵੀ ਤੁਸੀਂ ਸੰਵਿਧਾਨ ਨਹੀਂ ਤੋੜ ਸਕਦੇ। ਫੈਸਲੇ ਤੋਂ ਬਾਅਦ ਇੱਕ ਬਿਆਨ ਵਿੱਚ ਉਨ੍ਹਾ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਸੰਦੇਸ਼ ਸਾਫ ਹੈ ਕਿ ਰਾਸ਼ਟਰਪਤੀ ਸ਼ਕਤੀਸ਼ਾਲੀ ਹਨ, ਪਰ ਸਾਡਾ ਸੰਵਿਧਾਨ ਅਜੇ ਵੀ ਵਧੇਰੇ ਸ਼ਕਤੀਸ਼ਾਲੀ ਹੈ। ਅਮਰੀਕਾ ਵਿੱਚ ਸਿਰਫ਼ ਕਾਂਗਰਸ ਹੀ ਅਮਰੀਕੀ ਲੋਕਾਂ ’ਤੇ ਟੈਕਸ ਲਗਾ ਸਕਦੀ ਹੈ। ਸੁਪਰੀਮ ਕੋਰਟ ਨੇ ਸਾਨੂੰ ਉਹ ਸਭ ਕੁਝ ਦਿੱਤਾ, ਜੋ ਅਸੀਂ ਆਪਣੇ ਕਾਨੂੰਨੀ ਕੇਸ ਵਿੱਚ ਮੰਗਿਆ ਸੀ।

