ਚੰਡੀਗੜ੍ਹ, (ਗੁਰਜੀਤ ਬਿੱਲਾ)-ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਨਿੰਦਣਯੋਗ ਹੈ ਕਿ ਪੰਜਾਬ ਦੇ ਰਾਜਪਾਲ ਨੇ 27 ਸਤੰਬਰ ਨੂੰ ਪ੍ਰਸਤਾਵਿਤ ਵਿਧਾਨ ਸਭਾ ਸੈਸ਼ਨ ਦੌਰਾਨ ਹੋਣ ਵਾਲੇ ਵਿਧਾਨਕ ਕੰਮਾਂ ਦੇ ਵੇਰਵੇ ਮੰਗੇ ਹਨ। ਉਨ੍ਹਾ ਕਿਹਾ ਕਿ ਰਾਜਪਾਲ ਦਫਤਰ ਪੰਜਾਬ ਦੇ ਕੰਮਾਂ ’ਚ ਲਗਾਤਾਰ ਦਖਲਅੰਦਾਜ਼ੀ ਕਰ ਰਿਹਾ ਹੈ ਅਤੇ ਚੁਣੀ ਹੋਈ ‘ਆਪ’ ਸਰਕਾਰ ਨੂੰ ਖੁੱਲ੍ਹ ਕੇ ਕੰਮ ਨਹੀਂ ਕਰਨ ਦੇ ਰਿਹਾ। ਰਾਜਪਾਲ ਦੀ ਦਖਲਅੰਦਾਜ਼ੀ ’ਤੇ ਅਫਸੋਸ ਪ੍ਰਗਟ ਕਰਦਿਆਂ ਚੀਮਾ ਨੇ ਕਿਹਾ, ‘ਮੈਂ ਰਾਜਪਾਲ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਆਪਣੇ ਦਫਤਰ ਦਾ ਰਿਕਾਰਡ ਚੈੱਕ ਕਰਨ ਅਤੇ ਲੋਕਾਂ ਨੂੰ ਦੱਸਣ ਕਿ ਕਿੰਨੇ ਰਾਜਪਾਲਾਂ ਨੇ ਸੱਤਾਧਾਰੀ ਸਰਕਾਰ ਤੋਂ ਵਿਧਾਨ ਸਭਾ ਸੈਸ਼ਨ ਬੁਲਾਉਣ ਦੇ ਮਕਸਦ ਬਾਰੇ ਸਵਾਲ ਖੜ੍ਹੇ ਕੀਤੇ ਹਨ। ਅੱਜ ਤੱਕ ਕਿਸੇ ਰਾਜਪਾਲ ਨੇ ਅਜਿਹਾ ਨਹੀਂ ਕੀਤਾ, ਸਿਰਫ ਮੌਜੂਦਾ ਰਾਜਪਾਲ ਅਜਿਹਾ ਕਰ ਰਹੇ ਹਨ, ਕਿਉਂਕਿ ਉਹ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਹਨ।’ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਚੀਮਾ ਨੇ ਰਾਜਪਾਲ ਦਫਤਰ ਰਾਹੀਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰਨ ਲਈ ਭਾਜਪਾ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਭਾਜਪਾ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਵਾਂ ਸੂਬਿਆਂ ਵਿੱਚ ‘ਆਪ’ ਦੀ ਵਧ ਰਹੀ ਲੋਕਪਿ੍ਰਅਤਾ ਤੋਂ ਡਰ ਗਈ ਹੈ। ਉਨ੍ਹਾ ਵਿਰੋਧੀ ਧਿਰ ’ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਕੋਲ ‘ਆਪ’ ਖਿਲਾਫ ਕੋਈ ਮੁੱਦਾ ਨਹੀਂ, ਇਸ ਲਈ ਉਹ ਵਿਧਾਨ ਸਭਾ ਸੈਸ਼ਨ ’ਚ ਬਹਿਸ ਤੋਂ ਭੱਜ ਰਹੇ ਹਨ।




